ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਇੱਕ ਵਾਰ ਫਿਰ ਦੇਸ਼ ਭਰ ਵਿੱਚ ਕਿਸਾਨ ਵੱਡਾ ਐਕਸ਼ਨ ਕਰਨ ਜਾ ਰਹੇ ਹਨ। 27 ਸਤੰਬਰ ਨੂੰ ਦੇਸ਼ ਭਰ ਦੇ ਕਿਸਾਨਾਂ ਨੇ ਭਾਰਤ ਬੰਦ ਦਾ ਐਲਾਨ ਕੀਤਾ ਹੈ। ਤਿੰਨ ਨਵੇਂ ਖੇਤੀਬਾੜੀ ਕਾਨੂੰਨ ਪਾਸ ਹੋਏ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਕਿਸਾਨ ਲਗਪਗ ਇੱਕ ਸਾਲ ਤੋਂ ਦਿੱਲੀ ਨਾਲ ਲੱਗਦੀਆਂ ਸਰਹੱਦਾਂ 'ਤੇ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਦੇਸ਼ ਭਰ ਦੇ ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਡੇਰਾ ਲਾਇਆ ਹੋਇਆ ਹੈ। ਇਸ ਦੇ ਨਾਲ ਹੀ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਵੱਖ-ਵੱਖ ਥਾਵਾਂ 'ਤੇ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।


ਸੰਯੁਕਤ ਕਿਸਾਨ ਮੋਰਚਾ ਨੇ 27 ਸਤੰਬਰ ਨੂੰ ਦੇਸ਼ ਵਿਆਪੀ ਬੰਦ ਦਾ ਐਲਾਨ ਕੀਤਾ ਹੈ। ਸੰਯੁਕਤ ਕਿਸਾਨ ਮੋਰਚੇ ਤੋਂ ਇਲਾਵਾ ਕਈ ਹੋਰ ਕਿਸਾਨ ਜਥੇਬੰਦੀਆਂ ਵੀ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੀਆਂ। ਕਿਸਾਨ ਸੰਗਠਨ ਨੇ ਕਿਹਾ ਕਿ ਭਾਰਤ ਬੰਦ ਸ਼ਾਂਤਮਈ ਹੋਵੇਗਾ।

ਕਿਸ ਸਮੇਂ ਤੋਂ ਕਿਸ ਸਮੇਂ ਤਕ ਭਾਰਤ ਬੰਦ ਰਹੇਗਾ?
27 ਸਤੰਬਰ ਨੂੰ ਭਾਰਤ ਬੰਦ ਸਵੇਰੇ 6 ਵਜੇ ਸ਼ੁਰੂ ਹੋਵੇਗਾ ਤੇ ਸ਼ਾਮ 4 ਵਜੇ ਤੱਕ ਜਾਰੀ ਰਹੇਗਾ। ਇਸ ਦੌਰਾਨ ਕਈ ਤਰ੍ਹਾਂ ਦੀ ਆਵਾਜਾਈ 'ਤੇ ਪੂਰਨ ਪਾਬੰਦੀ ਰਹੇਗੀ। ਕੇਂਦਰ ਤੇ ਰਾਜ ਸਰਕਾਰ ਦੇ ਦਫਤਰ, ਬਾਜ਼ਾਰ, ਦੁਕਾਨਾਂ, ਫੈਕਟਰੀਆਂ, ਸਕੂਲ, ਕਾਲਜ ਤੇ ਹੋਰ ਵਿਦਿਅਕ ਅਦਾਰੇ ਖੋਲ੍ਹਣ ਦੀ ਆਗਿਆ ਨਹੀਂ ਹੋਵੇਗੀ। ਭਾਰਤ ਬੰਦ ਦੌਰਾਨ ਐਂਬੂਲੈਂਸਾਂ ਅਤੇ ਫਾਇਰ ਸੇਵਾਵਾਂ ਸਮੇਤ ਐਮਰਜੈਂਸੀ ਸੇਵਾਵਾਂ ਦੀ ਆਗਿਆ ਹੋਵੇਗੀ।

ਇਹ ਬੰਦ ਰਹਿਣਗੇ
ਕੇਂਦਰ ਤੇ ਰਾਜ ਸਰਕਾਰਾਂ ਦੇ ਸਾਰੇ ਦਫਤਰ ਤੇ ਸੰਸਥਾਵਾਂ

- ਬਾਜ਼ਾਰ, ਦੁਕਾਨਾਂ ਤੇ ਉਦਯੋਗ - ਸਕੂਲ, ਕਾਲਜ, ਯੂਨੀਵਰਸਿਟੀਆਂ ਤੇ ਹਰ ਕਿਸਮ ਦੇ ਵਿਦਿਅਕ ਅਦਾਰੇ

- ਹਰ ਕਿਸਮ ਦੇ ਜਨਤਕ ਆਵਾਜਾਈ ਤੇ ਪ੍ਰਾਈਵੇਟ ਵਾਹਨ

- ਕਿਸੇ ਵੀ ਕਿਸਮ ਦਾ ਸਰਕਾਰੀ ਜਾਂ ਗੈਰ-ਸਰਕਾਰੀ ਜਨਤਕ ਪ੍ਰੋਗਰਾਮ

ਇਨ੍ਹਾਂ ਨੂੰ ਛੋਟ ਮਿਲੇਗੀ
- ਹਸਪਤਾਲ, ਮੈਡੀਕਲ ਸਟੋਰ, ਐਂਬੂਲੈਂਸ ਤੇ ਕੋਈ ਵੀ ਮੈਡੀਕਲ ਸੇਵਾਵਾਂ

-ਕਿਸੇ ਵੀ ਕਿਸਮ ਦੀ ਜਨਤਕ (ਫਾਇਰ ਬ੍ਰਿਗੇਡ, ਆਫ਼ਤ ਰਾਹਤ ਆਦਿ) ਜਾਂ ਨਿੱਜੀ ਐਮਰਜੈਂਸੀ (ਮੌਤ, ਬਿਮਾਰੀ, ਵਿਆਹ ਆਦਿ)

- ਸਥਾਨਕ ਸੰਸਥਾਵਾਂ ਦੁਆਰਾ ਪੇਸ਼ ਕੀਤੀ ਗਈ ਕੋਈ ਹੋਰ ਛੋਟ।

ਸੰਯੁਕਤ ਕਿਸਾਨ ਮੋਰਚੇ ਦੇ ਦਿਸ਼ਾ ਨਿਰਦੇਸ਼
ਸੰਯੁਕਤ ਕਿਸਾਨ ਮੋਰਚਾ ਨੇ ਆਪਣੇ ਵਰਕਰਾਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਮੋਰਚੇ ਨੇ ਕਿਹਾ ਹੈ ਕਿ ਬੰਦ ਦੌਰਾਨ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਸਭ ਕੁਝ ਬੰਦ ਕਰਨ ਦੀ ਅਪੀਲ ਕੀਤੀ ਜਾਣੀ ਚਾਹੀਦੀ ਹੈ। ਕਿਸੇ ਤਰ੍ਹਾਂ ਦੀ ਜ਼ਬਰਦਸਤੀ ਨਾ ਕੀਤੀ ਜਾਵੇ। ਇਸ ਅੰਦੋਲਨ ਵਿੱਚ ਕੋਈ ਹਿੰਸਾ ਜਾਂ ਤੋੜਫੋੜ ਨਹੀਂ ਹੋਣੀ ਚਾਹੀਦੀ। ਇਹ ਵੀ ਕਿਹਾ ਗਿਆ ਹੈ ਕਿ ਇਹ ਬੰਦ ਸਰਕਾਰ ਦੇ ਖਿਲਾਫ ਹੈ, ਲੋਕਾਂ ਦੇ ਖਿਲਾਫ ਨਹੀਂ।