ਨਵੀਂ ਦਿੱਲੀ: ਬਿਹਾਰ ਚੋਣਾਂ ਵਿੱਚ ਬਹੁਤ ਹੀ ਨਿਰਾਸ਼ਾਜਨਕ ਹਾਰ ਤੋਂ ਬਾਅਦ ਪਾਰਟੀ ਵਿੱਚ ਇੱਕ ਵਾਰ ਫਿਰ ਗਾਂਧੀ ਪਰਿਵਾਰ ਖ਼ਿਲਾਫ਼ ਬਗਾਵਤ ਸ਼ੁਰੂ ਹੋ ਗਈ ਹੈ। ਇਸ ਸਮੇਂ, ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਏਬੀਪੀ ਨਿਊਜ਼ ਨੂੰ ਕੁਝ ਸੀਨੀਅਰ ਨੇਤਾਵਾਂ ਨੇ ਪਾਰਟੀ ਹਾਈ ਕਮਾਂਡ ਖਿਲਾਫ ਫੈਸਲਾਕੁਨ ਬਗਾਵਤ ਦਾ ਖੁੱਲ੍ਹ ਕੇ ਸੰਕੇਤ ਦਿੱਤਾ।
ਇੱਕ ਦਿਨ ਪਹਿਲਾਂ ਕਪਿਲ ਸਿੱਬਲ ਨੇ ਆਪਣੀ ਆਵਾਜ਼ ਬੁਲੰਦ ਕਰਦਿਆਂ ਕਿਹਾ ਸੀ ਕਿ ਹੁਣ ਕਾਂਗਰਸ ਲਈ ਸਮੀਖਿਆ ਤੇ ਸਵੈ-ਨਿਰਣੇ ਦਾ ਸਮਾਂ ਲੰਘ ਗਿਆ ਹੈ। ਏਬੀਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਇਕ ਹੋਰ ਸੀਨੀਅਰ ਨੇਤਾ ਨੇ ਕਿਹਾ, "ਹੁਣ ਅਸੀਂ ਪਾਰਟੀ ਨੂੰ ਖਤਮ ਹੁੰਦੇ ਹੋਏ ਨਹੀਂ ਦੇਖ ਸਕਦੇ, ਇਸ ਲਈ ਅਸੀਂ ਇਸ ਵਾਰ ਪਿੱਛੇ ਨਹੀਂ ਹਟਾਂਗੇ। ਪਾਰਟੀ ਕਿਸੇ ਇੱਕ ਦੀ ਨਹੀਂ ਹੈ। ਇਕ ਨੇਤਾ ਨੇ ਕਿਹਾ ਕਿ ਮੈਂ ਕਿਸੇ ਅਹੁਦੇ ਦੀ ਲਾਲਸਾ ਵੀ ਨਹੀਂ ਕਰਦਾ, ਮੇਰੀ ਪੋਸਟ ਮੇਰੇ ਤੋਂ ਵਾਪਸ ਲੈ ਲਓ, ਪਰ ਹੁਣ ਪਾਰਟੀ ਇਸ ਤਰ੍ਹਾਂ ਨਹੀਂ ਚੱਲੇਗੀ।”
ਇਸ ਦੇ ਨਾਲ ਹੀ, ਕਾਂਗਰਸ ਦੇ ਇੱਕ ਹੋਰ ਮਹੱਤਵਪੂਰਨ ਨੇਤਾ ਨੇ ਏਬੀਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ, "ਜੇ ਤੁਸੀਂ ਪਾਰਟੀ 'ਚੋਂ ਕੱਢਣਾ ਚਾਹੁੰਦੇ ਹੋ ਤਾਂ ਕੱਢ ਦਿਓ, ਪਰ ਹੁਣ ਅਸੀਂ ਚੁੱਪ ਨਹੀਂ ਬੈਠਾਂਗੇ। ਬਿਹਾਰ ਚੋਣਾਂ ਵਿੱਚ ਪਾਰਟੀ ਦੇ ਇੰਨੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਵੀ ਕੋਈ ਸਵੈ-ਸਮੀਖਿਆ ਨਹੀਂ ਹੋਈ, ਇਹ ਕਿੰਨਾ ਚਿਰ ਚੱਲੇਗਾ?”
ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਅਜਿਹੇ ਲੋਕਾਂ ਵੱਲ ਧਿਆਨ ਨਹੀਂ ਦਿੰਦੀ, ਇਸ ਲਈ ਇਨ੍ਹਾਂ 'ਤੇ ਪ੍ਰਤੀਕਿਰਿਆ ਦੇਣ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ, ਸੂਤਰਾਂ ਨੇ ਇਹ ਵੀ ਕਿਹਾ ਕਿ ਫਿਲਹਾਲ ਕਪਿਲ ਸਿੱਬਲ ਦੇ ਖਿਲਾਫ ਕੋਈ ਅਨੁਸ਼ਾਸਨੀ ਕਾਰਵਾਈ 'ਤੇ ਵਿਚਾਰ ਨਹੀਂ ਹੋਇਆ ਹੈ। ਪਰ ਰਾਜਸਥਾਨ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਸੀਨੀਅਰ ਅਹੁ ਅਸ਼ੋਕ ਗਹਿਲੋਤ ਨੇ ਨਿਸ਼ਚਤ ਤੌਰ 'ਤੇ ਟਵੀਟ ਕਰਕੇ ਸਿੱਬਲ 'ਤੇ ਨਿਸ਼ਾਨਾ ਸਾਧਿਆ ਹੈ। ਇਕ ਟਵੀਟ 'ਚ ਗਹਿਲੋਤ ਨੇ ਗਾਂਧੀ ਪਰਿਵਾਰ ਦਾ ਬਚਾਅ ਕਰਨ ਦੇ ਨਾਲ-ਨਾਲ ਕਪਿਲ ਸਿੱਬਲ ਦੇ ਬਿਆਨ ਨੂੰ ਮੰਦਭਾਗਾ ਦੱਸਿਆ ਹੈ।