ਕਾਨਪੁਰ: ਕਾਨਪੁਰ ਜ਼ਿਲ੍ਹੇ ਦੇ ਘਾਟਮਪੁਰ ਤੋਂ ਬੇਹੱਦ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ 6 ਸਾਲਾ ਮਾਸੂਮ ਬੱਚੀ ਅੰਧਵਿਸ਼ਵਾਸ ਦੀ ਬਲੀ ਚੜ੍ਹ ਗਈ। ਦੀਵਾਲੀ ਦੀ ਰਾਤ ਕਾਲੇ ਜਾਦੂ ਤੇ ਤੰਤਰ-ਮੰਤਰ ਲਈ 6 ਸਾਲ ਦੀ ਦਲਿਤ ਲੜਕੀ ਦਾ ਕਥਿਤ ਤੌਰ 'ਤੇ ਬਲਾਤਕਾਰ ਕੀਤਾ ਗਿਆ। ਐਡੀਸ਼ਨਲ ਪੁਲਿਸ ਸੁਪਰਡੈਂਟ ਬ੍ਰਿਜੇਸ਼ ਸ੍ਰੀਵਾਸਤਵ ਨੇ ਸੋਮਵਾਰ ਨੂੰ ਦੱਸਿਆ ਕਿ ਘਟਨਾ ਦੇ ਮਾਮਲੇ ਵਿੱਚ ਫੜੇ ਗਏ ਅੰਕੁਲ ਕੁਰੀਲ (20) ਤੇ ਬੀਰਨ (31) ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਲੜਕੀ ਨਾਲ ਸਮੂਹਿਕ ਜਬਰ ਜਨਾਹ ਕਰਨ ਤੋਂ ਬਾਅਦ ਉਸ ਦਾ ਗਲਾ ਘੁੱਟਿਆ।


ਉਨ੍ਹਾਂ ਦੱਸਿਆ ਕਿ ਹੱਤਿਆ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੇ ਲੜਕੀ ਦੇ ਦੋਵੇਂ ਫੇਫੜੇ ਕੱਢ ਕੇ ਮੁੱਖ ਦੋਸ਼ੀ ਪੁਰਸ਼ੋਤਮ ਨੂੰ ਦੇ ਦਿੱਤੇ। ਪੁਰਸ਼ੋਤਮ ਨੂੰ ਕਾਲਾ ਜਾਦੂ ਕਰਨ ਲਈ ਇਨ੍ਹਾਂ ਅੰਗਾਂ ਦੀ ਜ਼ਰੂਰਤ ਸੀ। ਸ੍ਰੀਵਾਸਤਵ ਨੇ ਦੱਸਿਆ ਕਿ ਪੁਰਸ਼ੋਤਮ ਨੂੰ ਐਤਵਾਰ ਨੂੰ ਗ੍ਰਿਫਤਾਰ ਕੀਤਾ ਗਿਆ, ਜਦਕਿ ਉਸ ਦੀ ਪਤਨੀ ਨੂੰ ਇਸ ਜੁਰਮ ਵਿੱਚ ਸ਼ਾਮਲ ਹੋਣ ਦੀ ਸ਼ੰਕਾ ਦੇ ਅਧਾਰ ‘ਤੇ ਹਿਰਾਸਤ ਵਿੱਚ ਲਿਆ ਗਿਆ ਹੈ।




ਔਲਾਦ ਪਾਉਣ ਲਈ ਕੀਤਾ ਸੀ ਕਾਲਾ ਜਾਦੂ:

ਉਨ੍ਹਾਂ ਦੱਸਿਆ ਕਿ ਪੁਰਸ਼ੋਤਮ ਨੇ ਪਹਿਲਾਂ ਪੁਲਿਸ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਪਰ ਸਖਤੀ ਨਾਲ ਪੁੱਛਗਿੱਛ ਕਰਨ 'ਤੇ ਉਸ ਨੇ ਸਾਰਾ ਸੱਚ ਦੱਸ ਦਿੱਤਾ। ਉਸ ਨੇ ਕਿਹਾ ਕਿ ਉਸ ਦਾ ਵਿਆਹ 1999 ਵਿੱਚ ਹੋਇਆ ਸੀ ਪਰ ਹੁਣ ਤੱਕ ਉਸ ਦੇ ਕੋਈ ਬੱਚੇ ਨਹੀਂ ਹੈ। ਸ੍ਰੀਵਾਸਤਵ ਅਨੁਸਾਰ ਪੁਰਸ਼ੋਤਮ ਨੇ ਦੱਸਿਆ ਕਿ ਉਸ ਨੂੰ ਬੱਚੇ ਪੈਦਾ ਕਰਨ ਲਈ ਕਾਲਾ ਜਾਦੂ ਕਰਨ ਦੀ ਸਲਾਹ ਦਿੱਤੀ ਗਈ ਸੀ, ਇਸ ਦੇ ਲਈ ਇੱਕ ਬੱਚੇ ਦੇ ਫੇਫੜਿਆਂ ਦੀ ਜ਼ਰੂਰਤ ਸੀ ਜਿਸ ਕਾਰਨ ਉਸ ਨੇ ਆਪਣੇ ਭਤੀਜੇ ਅੰਕੁਲ ਅਤੇ ਉਸ ਦੇ ਦੋਸਤ ਬੀਰਨ ਨੂੰ ਆਪਣੇ ਗੁਆਂਢੀਆਂ ਦੀ ਬੱਚੀ ਨੂੰ ਅਗਵਾ ਕਰਨ ਲਈ ਤਿਆਰ ਕੀਤਾ।




ਤੰਤਰ-ਮੰਤਰ ਲਈ ਲੜਕੀ ਦੀ ਮੌਤ ਦੇ ਹਵਾਲੇ ਨਾਲ ਡੀਆਈਜੀ ਨੇ ਕਿਹਾ ਕਿ ਇਸ ਦੀ ਪੁਸ਼ਟੀ ਕਰਨ ਲਈ ਵਿਗਿਆਨਕ ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਮਾਹਰਾਂ ਤੇ ਸਰਚ ਕੁੱਤਿਆਂ ਦੀ ਮਦਦ ਲਈ ਜਾ ਰਹੀ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਬੱਚੀ ਦੀ ਹੱਤਿਆ ਦੀ ਘਟਨਾ ਵਿੱਚ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਰਾਜ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਪੀੜਤ ਪਰਿਵਾਰ ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਉਨ੍ਹਾਂ ਨੂੰ ਪੰਜ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ। ਯੋਗੀ ਨੇ ਕਿਹਾ ਹੈ ਕਿ ਰਾਜ ਸਰਕਾਰ ਫਾਸਟ ਟਰੈਕ ਅਦਾਲਤ 'ਚ ਕੇਸ ਦੀ ਸੁਣਵਾਈ ਕਰਵਾ ਕੇ ਜਿੰਨੀ ਜਲਦੀ ਹੋ ਸਕੇ ਅਪਰਾਧੀਆਂ ਨੂੰ ਸਜ਼ਾ ਦਵਾਵੇਗੀ।