ਅੰਮ੍ਰਿਤਸਰ: ਰਾਸ਼ਟਰਪਤੀ ਨੇ ਤਿੰਨਾਂ ਖੇਤੀ ਬਿੱਲਾਂ 'ਤੇ ਆਪਣੀ ਮੋਹਰ ਲਾ ਦਿੱਤੀ ਹੈ, ਜਿਸ ਤੋਂ ਬਾਅਦ ਹੁਣ ਕਿਸਾਨਾਂ 'ਚ ਹੋਰ ਵੀ ਜ਼ਿਆਦਾ ਰੋਹ ਵਧ ਗਿਆ ਹੈ। ਇਸ ਦਰਮਿਆਨ ਅਕਾਲੀ ਲੀਡਰ ਬਿਕਰਮ ਮਜੀਠੀਆ ਇੱਕ ਪਾਸੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੂੰ ਇਕੱਠੀਆਂ ਹੋਣ ਲਈ ਕਹਿ ਰਹੇ ਹਨ ਤੇ ਦੂਸਰੇ ਪਾਸੇ ਆਪ ਹੀ ਉਨ੍ਹਾਂ ਨੂੰ ਭੰਡ ਰਹੇ ਹਨ।


ਮਜੀਠੀਆ ਨੇ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਕਿ ਸਾਰੇ ਇਕੱਠੇ ਹੋ ਜਾਣ, ਨਹੀਂ ਤਾਂ ਦਿੱਲੀ ਨੇ ਪੰਜਾਬੀਆਂ ਨੂੰ ਆਪਸ 'ਚ ਲੜਾ ਦੇਣਾ ਹੈ। ਉਨ੍ਹਾਂ ਕਿਹਾ ਕਿ ਜਦ ਵੀ ਦਿੱਲੀ ਨਾਲ ਮੱਥਾ ਲਾਇਆ ਤਾਂ ਇਹ ਇਤਿਹਾਸ ਰਿਹਾ ਹੈ। ਸਭ ਨੂੰ ਇਕੱਠੇ ਹੋਣ ਦਾ ਸੱਦਾ ਦਿੰਦਿਆਂ ਹੀ ਉਨ੍ਹਾਂ ਸੁਰ ਬਦਲਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਸਾਨਾਂ ਦੇ ਹੱਕ 'ਚ ਇੱਕ ਵੀ ਲਫ਼ਜ਼ ਨਹੀਂ ਬੋਲੇ।

ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦਿਆਂ ਮਜੀਠੀਆ ਨੇ ਕਿਹਾ ਕਿ ਕੈਪਟਨ ਤੋਂ ਵੱਧ ਝੂਠਾ ਹੋਰ ਕੋਈ ਨਹੀਂ ਜੰਮ ਸਕਦਾ। ਕੈਪਟਨ 6 ਮਹੀਨੇ ਜੰਗਲ 'ਚੋਂ ਨਹੀਂ ਨਿਕਲੇ, ਅੱਜ ਜਾ ਕੇ ਕਿਤੇ ਕੈਪਟਨ ਮਸਾਂ ਨਿਕਲੇ ਤੇ ਫਿਰ ਝੂਠੀ ਸਹੁੰ ਖਾਧੀ। ਮਜੀਠੀਆ ਨੇ ਕਿਹਾ ਪੰਜਾਬ ਦੇ ਕਿਸਾਨਾਂ ਨੇ ਦੇਸ਼ ਪ੍ਰਤੀ ਫਰਜ ਨਿਭਾਇਆ, ਆਪਣੀ ਜਮੀਨ ਤੇ ਆਪਣੇ ਪਾਣੀ ਦਾ ਨੁਕਸਾਨ ਕੀਤਾ ਪਰ ਆਖਰ 'ਚ ਦਿੱਲੀ ਦੇ ਏਸੀ ਕਮਰਿਆਂ 'ਚ ਬੈਠ ਕੇ ਪੰਜਾਬ ਦੇ ਕਿਸਾਨ ਦਾ ਫੈਸਲਾ ਲੈ ਲਿਆ ਗਿਆ।

ਮਜੀਠੀਆ ਨੇ ਕਿਹਾ ਬਾਦਲ ਸਾਹਿਬ ਨੇ ਬਗੈਰ ਸ਼ਰਤ ਵਾਜਪਾਈ ਸਾਹਬ ਨੂੰ ਸਮਰਥਨ ਦਿੱਤਾ, ਉਨ੍ਹਾਂ ਵੱਲੋਂ ਗਠਬੰਧਨ ਧਰਮ ਨਿਭਾਇਆ ਗਿਆ। ਸੱਜਣ ਕੁਮਾਰ ਨੂੰ ਸਜਾ ਦਿਵਾਉਣ, ਕਰਤਾਰਪੁਰ ਲਾਂਘਾ ਖੁੱਲ੍ਹਵਾਉਣ ਵਰਗੇ ਮਸਲਿਆਂ 'ਚ ਹਰਸਿਮਰਤ ਬਾਦਲ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਪੰਜਾਬ ਭਾਜਪਾ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਗੱਲ ਕਰਨ। ਸਾਰਾ ਸੂਬਾ ਕਿਸਾਨੀ 'ਤੇ ਨਿਰਭਰ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ