ਚੰਡੀਗੜ੍ਹ: ਤਿੰਨ ਖੇਤੀ ਕਾਨੂੰਨਾਂ ਦੇ ਜ਼ੋਰਦਾਰ ਵਿਰੋਧ ਕਾਰਨ ਭਾਜਪਾ ਪੰਜਾਬ ਦੇ ਮਾਲਵਾ ਖੇਤਰ ਵਿੱਚ ਹੋਈਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਆਪਣਾ ਖਾਤਾ ਤੱਕ ਨਹੀਂ ਖੋਲ੍ਹ ਸਕੀ। ਸੂਬੇ ਦੀ ਮਾਲਵਾ ਪੱਟੀ ਵਿੱਚ ਕਿਸਾਨ ਯੂਨੀਅਨਾਂ ਬੇਹੱਦ ਸਰਗਰਮ ਹਨ। ਇੱਥੋਂ ਦੇ ਬਹੁਤ ਸਾਰੇ ਕਿਸਾਨ ਇਸ ਵੇਲੇ ਦਿੱਲੀ ਬਾਰਡਰ ਉੱਤੇ ਧਰਨਾ ਦੇਈ ਬੈਠੇ ਹਨ। ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਨਵੇਂ ਖੇਤੀ ਕਾਨੂੰਨਾਂ ਦਾ ਪੰਜਾਬ ਵਿੱਚ ਜ਼ੋਰਦਾਰ ਵਿਰੋਧ ਹੋ ਰਿਹਾ ਹੈ।


 


ਮਾਲਵਾ ਦੇ ਬਹੁਤ ਸਾਰੇ ਕਸਬਿਆਂ, ਖ਼ਾਸ ਕਰਕੇ ਮੰਡੀਆਂ ਵਿੱਚ ਹਿੰਦੂਆਂ ਦੀ ਵੱਡੀ ਆਬਾਦੀ ਹੈ, ਜੋ ਭਾਜਪਾ ਦੀ ਕੱਟੜ ਸਮਰਥਕ ਹੈ ਪਰ ਇਸ ਦੇ ਬਾਵਜੂਦ ਐਤਕੀਂ ਨਗਰ ਕੌਂਸਲ, ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ ’ਚ ਭਾਜਪਾ ਨੂੰ ਕੋਈ ਵੋਟਾਂ ਨਹੀਂ ਮਿਲੀਆਂ। ਬਠਿੰਡਾ ’ਚ ਭਾਜਪਾ ਦਾ ਇੱਕ ਵੀ ਉਮੀਦਵਾਰ ਚੋਣ ਨਹੀਂ ਜਿੱਤ ਸਕਿਆ ਤੇ ਇਸ ਵੋਟ ਹਿੱਸਾ ਵੀ ਬਹੁਤ ਮਾੜਾ ਰਿਹਾ।


 


ਸਾਲ 2015 ’ਚ, ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕੀਤਾ ਹੋਇਆ ਸੀ ਤੇ ਤਦ ਭਾਜਪਾ ਨੂੰ ਅੱਠ ਸੀਟਾਂ ਹਾਸਲ ਹੋਈਆਂ ਸਨ। ਤਰਸੇਮ ਗੋਇਲ ਤੇ ਗੁਰਿੰਦਰਪਾਲ ਕੌਰ ਮਾਂਗਟ ਪਿਛਲੇ 10 ਸਾਲਾਂ ਤੋਂ ਲਗਾਤਾਰ ਦੋ ਵਾਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਵੀ ਰਹੇ ਹਨ ਪਰ ਇਸ ਵਾਰ ਗੋਇਲ ਨੇ ਚੋਣ ਨਹੀਂ ਲੜੀ ਤੇ ਮਾਂਗਟ ਵਾਰਡ ਨੰਬਰ 1 ਤੋਂ ਬੁਰੀ ਤਰ੍ਹਾਂ ਹਾਰ ਗਏ।


 


ਅਬੋਹਰ ’ਚ, ਜਿੱਥੇ ਭਾਜਪਾ ਦਾ ਇੱਕ ਵਿਧਾਇਕ ਅਰੁਣ ਨਾਰੰਗ ਵੀ ਹੈ ਤੇ ਜਿਨ੍ਹਾਂ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਆਗੂ ਸੁਨੀਲ ਜਾਖੜ ਨੂੰ ਹਰਾਇਆ ਸੀ ਪਰ ਇਨ੍ਹਾਂ ਚੋਣਾਂ ’ਚ ਉਨ੍ਹਾਂ ਦਾ ਜਾਦੂ ਵੀ ਨਹੀਂ ਚੱਲ ਸਕਿਆ ਤੇ 50 ਵਾਰਡਾਂ ’ਚੋਂ ਭਾਜਪਾ ਦਾ ਇੱਕ ਵੀ ਉਮੀਦਵਾਰ ਚੋਣ ਨਹੀਂ ਜਿੱਤ ਸਕਿਆ। ਕਾਂਗਰਸ ਨੇ 49 ਸੀਟਾਂ ਜਿੱਤੀਆਂ ਤੇ ਸ਼੍ਰੋਮਣੀ ਅਕਾਲੀ ਦਲ ਸਿਰਫ਼ ਇੱਕ ਸੀਟ ਉੱਤੇ ਜਿੱਤ ਹਾਸਲ ਕਰ ਸਕਿਆ।


 


ਫ਼ਾਜ਼ਿਲਕਾ ’ਚ, ਭਾਜਪਾ ਪਿਛਲੇ ਦੋ ਕਾਰਜਕਾਲਾਂ ਤੋਂ ਨਗਰ ਕੌਂਸਲ ਦੀ ਸੱਤਾ ਉੱਤੇ ਕਾਬਜ਼ ਰਹੀ ਹੈ ਤੇ ਇੰਥੋਂ ਭਾਜਪਾ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਵੀ ਚੋਣ ਲੜੀ ਸੀ ਪਰ ਇਸ ਦੇ ਬਾਵਜੂਦ ਇਨ੍ਹਾਂ ਹਾਲੀਆ ਸਥਾਨਕ ਚੋਣਾਂ ਵਿੱਚ ਭਾਜਪਾ ਦੀ ਕਾਰਗੁਜ਼ਾਰੀ ਬੇਹੱਦ ਮਾੜੀ ਰਹੀ ਤੇ ਉਹ 25 ਵਿੱਚੋਂ ਸਿਰਫ਼ ਚਾਰ ਸੀਟਾਂ ਹੀ ਜਿੱਤ ਸਕੀ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਧੂਰੀਆ ਤੱਕ ਇੱਥੋਂ ਚੋਣ ਹਾਰ ਗਏ।


 


ਉੱਧਰ ਫ਼ਿਰੋਜ਼ਪੁਰ ’ਚ, ਜਿੱਥੇ ਭਾਜਪਾ ਆਗੂ ਤੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਸੁਖਪਾਲ ਸਿੰਘ ਨਨੂੰ ਤਿੰਨ ਵਾਰ ਵਿਧਾਨ ਸਭਾ ਚੋਣ ਲੜ ਚੁੱਕੇ ਹਨ ਤੇ ਸਾਲ 2007 ’ਚ ਉਹ ਜਿੱਤੇ ਵੀ ਸਨ ਪਰ ਹਾਲੀਆ ਸਥਾਨਕ ਚੋਣਾਂ ਵਿੱਚ ਕਾਂਗਰਸ ਨੇ ਸਾਰੇ 33 ਵਾਰਡਾਂ ਉੰਤੇ ਜਿੱਤ ਹਾਸਲ ਕੀਤੀ। ਮੋਗਾ, ਮੁਕਤਸਰ ਤੇ ਫ਼ਰੀਦਕੋਟ ਦੇ ਜੈਤੋ ਵਿੱਚ ਭਾਜਪਾ ਸਿਰਫ਼ ਇੱਕ-ਇੱਕ ਸੀਟ ਹੀ ਜਿੱਤ ਸਕੀ ਹੈ।


 


ਭਾਜਪਾ ਦੀ ਪੰਜਾਬ ਇਕਾਈ ਦੇ ਮੀਡੀਆ ਸਹਿ ਇੰਚਾਰਜ ਸੁਨੀਲ ਸਿੰਗਲਾ ਨੇ ਕਿਹਾ ਕਿ ਉਹ ਆਪਣੇ ਪਾਰਟੀ ਕਾਡਰ ਨੂੰ ਸਲਾਮ ਕਰਦੇ ਹਨ, ਜਿਸ ਨੇ ਕਾਂਗਰਸ ਦੇ ਮਾੜੇ ਸ਼ਾਸਨ ਵਿੱਚ ਵੀ ਬਹਾਦਰੀ ਨਾਲ ਚੋਣਾਂ ਲੜੀਆਂ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨ ਅੰਦੋਲਨ ਦੇ ਨਾਂਅ ਉੱਤੇ ਕਾਂਗਰਸ ਨੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਤੇ ਰਾਜ ਵਿੱਚ ਭਾਜਪਾ ਆਗੂਆਂ ਦੀਆਂ ਰਿਹਾਇਸ਼ਗਾਹਾਂ ਦੇ ਬਾਹਰ ਰੋਸ ਮੁਜ਼ਾਹਰੇ ਕੀਤੇ ਤੇ ਭਾਜਪਾ ਉਮੀਦਵਾਰਾਂ ਨੂੰ ਖੁੱਲ੍ਹ ਕੇ ਚੋਣ ਪ੍ਰਚਾਰ ਵੀ ਨਹੀਂ ਕਰਨ ਦਿੱਤਾ।


 


ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਰਾਜ ਵਿੱਚ ਆਪਣੀ ਮਾੜੀ ਕਾਰਗੁਜ਼ਾਰੀ ਨੂੰ ਲੁਕਾਉਣ ਲਈ ਕਾਂਗਰਸ ਨੇ ਇਨ੍ਹਾਂ ਚੋਣਾਂ ਵਿੱਚ ਸੂਬੇ ਦੀ ਸਰਕਾਰੀ ਮਸ਼ੀਨਰੀ ਦੀ ਡਾਢੀ ਦੁਰਵਰਤੋਂ ਕੀਤੀ ਹੈ। ਭਾਜਪਾ ਆਗੂ ਨੇ ਕਿਹਾ ਕਿ ਉਹ ਮਿਲ ਬੈਠ ਕੇ ਇਨ੍ਹਾਂ ਚੋਣ ਨਤੀਜਿਆਂ ਦੀ ਸਮੀਖਿਆ ਕਰਨਗੇ ਤੇ ਵਿਧਾਨ ਸਭਾ ਲਈ ਚੋਣ ਰਣਨੀਤੀ ਉਲੀਕਣਗੇ।