ਬਲੀਆ: ਭਾਰਤੀ ਜਨਤਾ ਪਾਰਟੀ ਦੀ ਸਟੇਟ ਵਰਕਿੰਗ ਕਮੇਟੀ ਦੇ ਮੈਂਬਰ ਤੇ ਸਾਬਕਾ ਵਿਧਾਇਕ ਰਾਮ ਇਕਬਾਲ ਸਿੰਘ ਨੇ ਦਾਅਵਾ ਕੀਤਾ ਹੈ ਕਿ ਦੂਜੀ ਲਹਿਰ ਵਿੱਚ ਜਾਗਰੂਕਤਾ ਦੀ ਘਾਟ ਕਾਰਨ ਕੋਰੋਨਾ ਦੀ ਲਾਗ ਕਾਰਨ ਉੱਤਰ ਪ੍ਰਦੇਸ਼ ਦੇ ਹਰੇਕ ਪਿੰਡ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਬੀਜੇਪੀ ਨੇਤਾ ਰਾਮ ਇਕਬਾਲ ਸਿੰਘ ਨੇ ਸਨਿੱਚਰਵਾਰ ਸ਼ਾਮੀਂ ਬਲੀਆ ਜ਼ਿਲ੍ਹੇ ਦੇ ਨਗਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਬਿਆਨ ਦਿੱਤਾ। ਉਨ੍ਹਾਂ ਦੇ ਇਸ ਬਿਆਨ ਤੋਂ ਭਾਜਪਾ ਸਰਕਾਰ ਪ੍ਰੇਸ਼ਾਨ ਹੈ।


 
ਸਾਬਕਾ ਵਿਧਾਇਕ ਰਾਮ ਇਕਬਾਲ ਸਿੰਘ ਨੇ ਕਿਹਾ ਹੈ ਕਿ ਸਿਹਤ ਵਿਭਾਗ ਨੇ ਕੋਰੋਨਾ ਦੀ ਪਹਿਲੀ ਲਹਿਰ ਤੋਂ ਸਬਕ ਨਹੀਂ ਲਿਆ ਤੇ ਇਸ ਕਾਰਨ ਦੂਜੀ ਲਹਿਰ ਵਿਚ ਵੱਡੀ ਗਿਣਤੀ ਵਿਚ ਛੂਤਗ੍ਰਸਤ ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹਾ ਕੋਈ ਪਿੰਡ ਨਹੀਂ ਹੈ ਜਿਥੇ 10 ਵਿਅਕਤੀਆਂ ਦੀ ਮੌਤ ਕੋਰੋਨਾ ਦੀ ਲਾਗ ਕਾਰਨ ਨਹੀਂ ਹੋਈ ਹੋਵੇ।

ਉਨ੍ਹਾਂ ਲਾਗ ਕਾਰਨ ਆਪਣੀ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੀ ਵੀ ਮੰਗ ਕੀਤੀ। ਸਾਬਕਾ ਵਿਧਾਇਕ ਨੇ ਦੋਸ਼ ਲਾਇਆ ਕਿ ਬਲੀਆ ਜ਼ਿਲ੍ਹੇ ਵਿੱਚ ਸਿਹਤ ਵਿਭਾਗ ਦਾ ਸਾਰਾ ਸਿਸਟਮ ਢਹਿ-ਢੇਰੀ ਹੋ ਕੇ ਰਹਿ ਗਿਆ ਹੈ ਤੇ ਆਜ਼ਾਦੀ ਦੇ 75 ਸਾਲਾਂ ਬਾਅਦ ਵੀ 34 ਲੱਖ ਦੀ ਆਬਾਦੀ ਵਾਲੇ ਇਸ ਜ਼ਿਲ੍ਹੇ ਦੇ ਹਸਪਤਾਲਾਂ ਵਿੱਚ ਨਾ ਤਾਂ ਡਾਕਟਰ ਹਨ ਤੇ ਨਾ ਹੀ ਦਵਾਈਆਂ।

 

ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਗੁੰਮਰਾਹ ਕੀਤਾ
ਜਦੋਂ ਇਹ ਪੁੱਛਿਆ ਗਿਆ ਕਿ ਕੀ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪਿਛਲੇ ਦਿਨੀਂ ਬਲੀਆ ਦੀ ਫੇਰੀ ਦੌਰਾਨ ਸਿਹਤ ਵਿਭਾਗ ਦੇ ਪ੍ਰਬੰਧਾਂ ’ਤੇ ਤਸੱਲੀ ਪ੍ਰਗਟ ਕੀਤੀ ਸੀ, ਤਾਂ ਭਾਜਪਾ ਆਗੂ ਨੇ ਦੋਸ਼ ਲਾਇਆ ਕਿ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਗੁੰਮਰਾਹ ਕੀਤਾ, ਉਨ੍ਹਾਂ ਨੂੰ ਸੱਚਾਈ ਨਹੀਂ ਦਿਖਾਈ। ਉਨ੍ਹਾਂ ਕਿਸਾਨਾਂ ਦੀ ਸਥਿਤੀ ਨੂੰ ਲੈ ਕੇ ਵੀ ਭਾਜਪਾ ਸਰਕਾਰ ‘ਤੇ ਵੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਅੱਜ ਕਿਸਾਨ ਪੂਰੀ ਤਰ੍ਹਾਂ ਤਬਾਹੀ ਦੀ ਰਾਹ ਉੱਤੇ ਹਨ ਤੇ ਅੰਨਦਾਤਾ ਹੁਣ ਖੇਤੀ ਛੱਡਣ ਲਈ ਮਜਬੂਰ ਹਨ।

 

ਬੀਜੇਪੀ ਨੇਤਾ ਨੇ ਕਿਹਾ ਕਿ ਕਣਕ ਦੀ ਖਰੀਦ ‘ਤੇ ਸਰਕਾਰ ਨੇ ਐਮਐਸਪੀ (ਘੱਟੋ-ਘੱਟ ਸਮਰਥਨ ਮੁੱਲ) 1975 ਰੁਪਏ ਕਰ ਕੇ ਸਿਰਫ 72 ਰੁਪਏ ਦਾ ਵਾਧਾ ਕੀਤਾ ਹੈ, ਜਦੋਂਕਿ ਕਿਸਾਨਾਂ ਦੀ ਖੇਤੀ ਲਾਗਤ ਦੁੱਗਣੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਡੀਜ਼ਲ ‘ਤੇ ਕਿਸਾਨਾਂ ਨੂੰ ਸਬਸਿਡੀ ਦੇਵੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਇਹ ਬਿਆਨ ਭਾਜਪਾ ਸਰਕਾਰ ਨੂੰ ਜਾਗਰੂਕ ਕਰਨ ਲਈ ਕਰ ਰਹੇ ਹਨ ਤਾਂ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀਆਂ ਅਗਾਮੀ ਚੋਣਾਂ ਵਿੱਚ ਪਾਰਟੀ ਨੂੰ ਇਸ ਪ੍ਰਬੰਧਾਂ ਦਾ ਸਾਹਮਣਾ ਨਾ ਕਰਨਾ ਪਵੇ।

 
ਪਿਛਲੇ ਸਮੇਂ ਵਿੱਚ ਵੀ ਬਹੁਤ ਸਾਰੇ ਭਾਜਪਾ ਨੇਤਾਵਾਂ ਨੇ ਕੋਰੋਨਾ ਦੇ ਪ੍ਰਬੰਧਨ ਪ੍ਰਤੀ ਨਾਰਾਜ਼ਗੀ ਜਤਾਈ ਹੈ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕਿਸੇ ਭਾਜਪਾ ਨੇਤਾ ਨੇ ਕੋਵਿਡ -19 ਮਹਾਂਮਾਰੀ ਦੇ ਪ੍ਰਬੰਧ 'ਤੇ ਨਾਰਾਜ਼ਗੀ ਪ੍ਰਗਟਾਈ ਹੈ।

 

ਉੱਧਰ, ਭਾਜਪਾ ਕਿਸਾਨ ਮੋਰਚਾ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਤੇ ਸੰਸਦ ਮੈਂਬਰ ਵਰਿੰਦਰ ਸਿੰਘ ਮਸਤ ਨੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ’ਤੇ ਕਿਸਾਨਾਂ ਦੇ ਅੰਦੋਲਨ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਟਿਕੈਤ ਨੂੰ ਅੰਦੋਲਨ ਨੂੰ ਕਿਸਾਨ-ਕੇਂਦਰਿਤ ਰੱਖਣਾ ਚਾਹੀਦਾ ਸੀ। ਸੰਸਦ ਮੈਂਬਰ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਉਨ੍ਹਾਂ ਦੇ ਮਿੱਤਰ ਹਨ, ਪਰ ਉਹ ਕਿਸਾਨੀ ਅੰਦੋਲਨ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਟਿਕੈਤ ਨੂੰ ਇਸ ਅੰਦੋਲਨ ਨੂੰ ਗੈਰ-ਭਾਜਪਾ ਵਿਰੋਧੀ ਧਿਰ, ਪੱਛਮੀ ਬੰਗਾਲ ਚੋਣਾਂ, ਅਗਾਮੀ ਵਿਧਾਨ ਸਭਾ ਚੋਣਾਂ ਅਤੇ ਧਾਰਾ 370 ਨਾਲ ਨਹੀਂ ਜੋੜਨਾ ਚਾਹੀਦਾ ਸੀ।