ਪਟਿਆਲਾ: ਸੰਯੁਕਤ ਕਿਸਾਨ ਮੋਰਚੇ ਦੇ ਐਲਾਨ ਮੁਤਾਬਕ ਕਿਸਾਨ ਬੀਜੇਪੀ ਦੇ ਲੀਡਰਾਂ ਦਾ ਘਿਰਾਓ ਕਰ ਰਹੇ ਹਨ। ਦੂਜੇ ਪਾਸੇ ਬੀਜੇਪੀ ਲੀਡਰਸ਼ਿਪ ਦਾ ਕਹਿਣਾ ਹੈ ਕਿ ਹਿੰਸਕ ਘਿਰਾਓ ਕਰਨ ਵਾਲੇ ਕਿਸਾਨ ਨਹੀਂ ਸਗੋਂ ਕਾਂਗਰਸ ਦੇ ਗੁੰਡੇ ਹਨ। ਐਤਵਾਰ ਨੂੰ ਰਾਜਪੁਰਾ ਵਿੱਚ ਬੀਜੇਪੀ ਲੀਡਰਾਂ ਦੇ ਘਿਰਾਓ ਮਗਰੋਂ ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।



ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਪੰਜਾਬ ਵਿੱਚ ਅਰਾਜਕਤਾ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੀ ਅਮਨ-ਸ਼ਾਂਤੀ ਨੂੰ ਗੰਭੀਰ ਖਤਰਾ ਖੜ੍ਹਾ ਕੀਤਾ ਜਾ ਰਿਹਾ ਹੈ, ਇਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇਣਾ ਚਾਹੀਦਾ ਹੈ।

ਦੂਜੇ ਪਾਸੇ ਬੀਜੇਪੀ ਦੇ ਸੂਬਾਈ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਪੰਜਾਬ ਕਾਂਗਰਸ ’ਤੇ ਸੂਬੇ ਦੇ ਹਾਲਾਤ ਖਰਾਬ ਕਰਨ ਦਾ ਦੋਸ਼ ਲਾਇਆ ਹੈ। ਸੁਭਾਸ਼ ਸ਼ਰਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸੂਬੇ ’ਚ ਅਤਿਵਾਦ ਨਾਲੋਂ ਵੀ ਮਾੜੇ ਹਾਲਾਤ ਪੈਦਾ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਹੱਥਾਂ ’ਚ ਭਾਵੇਂ ਝੰਡੇ ਕਿਸਾਨੀ ਦੇ ਹਨ, ਪਰ ਇਹ ਲੋਕ ਕਾਂਗਰਸ ਦੇ ਗੁੰਡੇ ਹਨ।

ਦੱਸ ਦਈਏ ਕਿ ਐਤਵਾਰ ਨੂੰ ਕੇਂਦਰੀ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਤੇ ਭਾਜਪਾ ਦਰਮਿਆਨ ਰਾਜਪੁਰਾ ਵਿੱਚ ਤਣਾਅ ਵਾਲੇ ਹਾਲਾਤ ਬਣ ਗਏ ਸਨ। ਪਟਿਆਲਾ ਵਾਸੀ ਭਾਜਪਾ ਦੇ ਸੂਬਾਈ ਆਗੂ ਭੁਪੇਸ਼ ਅਗਰਵਾਲ ਸਮੇਤ ਕੁਝ ਹੋਰ ਆਗੂਆਂ ਨੂੰ ਐਤਵਾਰ ਅੱਧੀ ਰਾਤ ਤੱਕ ਸੈਂਕੜੇ ਕਿਸਾਨਾਂ ਨੇ ਰਾਜਪੁਰਾ ਵਿਚਲੀ ਕੋਠੀ ਵਿੱਚ ਬੰਦੀ ਬਣਾਈ ਰੱਖਿਆ।

ਕਿਸਾਨਾਂ ਦਾ ਕਹਿਣਾ ਹੈ ਕਿ ਬੀਜੇਪੀ ਲੀਡਰਾਂ ਵੱਲੋਂ ਵੰਗਾਰਣ ਕਰਕੇ ਮਾਹੌਲ ਭਖਿਆ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਭੁਪੇਸ਼ ਅਗਰਵਾਲ ਨੇ ਕਿਸਾਨਾਂ ਨੂੰ ਕਥਿਤ ਚੁਣੌਤੀ ਦਿੱਤੀ ਸੀ ਕਿ ‘ਉਹ ਹੁਣ ਮੀਟਿੰਗ ਕਰਨ ਜਾ ਰਿਹਾ ਹੈ, ਹਿੰਮਤ ਹੈ ਤਾਂ ਉਸ ਨੂੰ ਆ ਕੇ ਰੋਕ ਲੈਣ।’ ਕਿਸਾਨਾਂ ਨੇ ਮੰਗ ਕੀਤੀ ਕਿ ਭਾਜਪਾ ਆਗੂ ਕਥਿਤ ਗਾਲ਼ ਕੱਢਣ ਤੇ ਕਿਸਾਨਾਂ ਨੂੰ ਚੁਣੌਤੀ ਦੇਣ ਸਬੰਧੀ ਮੁਆਫ਼ੀ ਮੰਗੇ, ਜਿਸ ਮਗਰੋਂ ਉਹ ਇਥੋਂ ਧਰਨਾ ਚੁੱਕਣਗੇ।