ਕਰਨਾਲ: ਗ੍ਰੇਟਾ ਥਨਬਰਗ ਟੂਲਕਿੱਟ ਮਾਮਲੇ ਦੀ ਜਾਂਚ ਕਰ ਰਹੇ ਵਿਸ਼ੇਸ਼ ਸੈੱਲ ਨੇ 22 ਸਾਲਾ ਐਕਟੀਵਿਸਟ ਦਿਸ਼ਾ ਰਵੀ ਨੂੰ ਗ੍ਰਿਫਤਾਰ ਕੀਤਾ ਹੈ। ਦਿਸ਼ਾ ਰਵੀ ਦੀ ਗ੍ਰਿਫਤਾਰੀ ਦਾ ਮਾਮਲਾ ਹੁਣ ਭਖਦਾ ਜਾ ਰਿਹਾ ਹੈ। ਇਸ ਮਾਮਲੇ 'ਚ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦਿਸ਼ਾ ਰਵੀ 'ਤੇ ਹਮਲਾ ਬੋਲਿਆ ਹੈ।


 


ਇੰਨਾ ਹੀ ਨਹੀਂ ਉਨ੍ਹਾਂ ਪ੍ਰਿਯੰਕਾ ਗਾਂਧੀ ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ 'ਤੇ ਵੀ ਦੇਸ਼ ਧ੍ਰੋਹ ਨੂੰ ਉਤਸ਼ਾਹਤ ਕਰਨ ਦਾ ਦੋਸ਼ ਲਾਇਆ ਗਿਆ ਹੈ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਦੇਸ਼ ਦੇ ਵਿਰੋਧ ਦਾ ਬੀਜ ਜਿਸ ਦੇ ਵੀ ਦਿਮਾਗ 'ਚ ਹੈ, ਉਹ ਪੂਰੀ ਤਰ੍ਹਾਂ ਖਤਮ ਕਰ ਦੇਣਾ ਚਾਹੀਦਾ ਹੈ, ਫਿਰ ਭਾਵੇਂ ਉਹ ਦਿਸ਼ਾ ਹੈ ਜਾਂ ਕੋਈ ਹੋਰ।


 


ਵਿਜ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨਾ ਸਾਰਿਆਂ ਦਾ ਹੱਕ ਹੈ, ਪਰ ਵਿਰੋਧ ਲਈ ਵਿਦੇਸ਼ੀ ਤਾਕਤਾਂ ਦੀ ਵਰਤੋਂ ਕਰਨਾ ਦੇਸ਼ਧ੍ਰੋਹ ਹੈ ਤੇ ਜੇਕਰ ਇਸ ‘ਤੇ ਪਾਬੰਦੀ ਨਹੀਂ ਲਾਈ ਜਾਂਦੀ ਤਾਂ ਇਹ ਲਾਗ ਵਾਂਗ ਫੈਲ ਜਾਵੇਗੀ। ਵਿਜ ਨੇ ਪ੍ਰਿਯੰਕਾ ਗਾਂਧੀ ਤੇ ਅਰਵਿੰਦ ਕੇਜਰੀਵਾਲ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਜੋ ਲੋਕ ਇਨ੍ਹਾਂ ਦਾ ਸਮਰਥਨ ਕਰ ਰਹੇ ਹਨ, ਉਨ੍ਹਾਂ ਨੂੰ ਮਕਸਦ ਪਹਿਚਾਨਣਾ ਚਾਹੀਦਾ ਹੈ।