ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਸਰਕਾਰ ਦੇ 4 ਸਾਲ ਮੁਕੰਮਲ ਹੋਣ ’ਤੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੂਰੀ ਤਰ੍ਹਾਂ ਫ਼ੇਲ੍ਹ ਹੈ। ਉਸ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ। ਹੁਣ ਕੈਪਟਨ ਦੀ ਉਮਰ ਕਾਫ਼ੀ ਹੋ ਗਈ ਹੈ, ਉਨ੍ਹਾਂ ਪਿਛਲੇ 4 ਸਾਲਾਂ ਵਿੱਚ ਕੋਈ ਕੰਮ ਨਹੀਂ ਕੀਤਾ। ਅੱਜ ਉਹ ਪੰਜਾਬ ਦੇ ਨਾਂ ’ਤੇ ਵੋਟਾਂ ਮੰਗ ਰਹੇ ਹਨ।
ਤਰੁਣ ਚੁੱਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਆਮਦਨ ਹੋਇਆ ਕਰੇਗੀ, ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਉਨ੍ਹਾਂ ਨੇ ਕੁਝ ਨਹੀਂ ਕੀਤਾ। ਚੁੱਘ ਨੇ ਅੱਗੇ ਕਿਹਾ ਕਿ ਕਿਸਾਨੀ ਕਰਜ਼ੇ ਬਾਰੇ ਕੀਤਾ ਕੋਈ ਵਾਅਦਾ ਪੂਰਾ ਨਹੀਂ ਹੋਇਆ। 1,100 ਕਰੋੜ ਰੁਪਏ ਮਾਫ਼ ਕੀਤੇ ਪਰ 90 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਦੇ ਵਾਅਦੇ ਦਾ ਕੀ ਹੋਇਆ।
ਤਰੁਣ ਚੁੱਘ ਹੁਰਾਂ ਸੁਆਲ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਮੁਖਤਾਰ ਅੰਸਾਰੀ ਨਾਲ ਕੀ ਰਿਸ਼ਤਾ ਹੈ। ਪੰਜਾਬ ਵਿੱਚ ਕਾਨੂੰਨ ਤੇ ਵਿਵਸਥਾ ਦੀ ਹਾਲਤ ਮਾੜੀ ਹੈ, ਸਭ ਨੂੰ ਪਤਾ ਹੈ। ਕੋਵਿਡ ਦੌਰਾਨ ਵੀ ਪੰਜਾਬ ਨੇ ਕੁਝ ਨਹੀਂ ਕੀਤਾ।
ਭਾਜਪਾ ਆਗੂ ਨੇ ਦਾਅਵਾ ਕੀਤਾ ਕਿ ਪੰਜਾਬ ’ਚ ਦਲਿਤਾਂ ਉੱਤੇ ਜ਼ੁਲਮ ਢਾਹਿਆ ਜਾ ਰਿਹਾ ਹੈ। ਪੰਜਾਬ ਸਰਕਾਰ ਨੂੰ ਮਾਫ਼ੀਆ ਚਲਾ ਰਹੇ ਹਨ। ਕੈਪਟਨ ਸਰਕਾਰ ਦੇ ਚਾਰ ਸਾਲਾਂ ਲਈ ਪੰਜਾਬ ਜਵਾਬ ਮੰਗਦਾ ਹੈ। ਨੌਕਰੀ, ਮੋਬਾਇਲ ਫ਼ੋਨ, ਕਿਸਾਨ ਕਰਜ਼ੇ, ਦਲਿਤਾਂ ਦੇ ਹੱਕ ਦੇ ਪੈਸਿਆਂ ਦਾ ਕੀ ਹੋਇਆ?
ਤਰੁਣ ਚੁੱਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਕਿਸੇ ਵੀ ਪਾਸਿਓਂ ਸੌਤੇਲਿਆਂ ਵਾਲਾ ਵਿਵਹਾਰ ਨਹੀਂ ਕੀਤਾ ਜਾ ਰਿਹਾ। ਅਸੀਂ ਕਿਸਾਨਾਂ ਨਾਲ ਹਮੇਸ਼ਾ ਗੱਲਬਾਤ ਲਈ ਤਿਆਰ ਹਾਂ। ਪਹਿਲਾਂ ਵੀ 10 ਗੇੜਾਂ ਦੀ ਗੱਲਬਾਤ ਕੀਤੀ ਹੈ ਤੇ ਹੁਣ ਵੀ ਤਿਆਰ ਹਾਂ।