ਸੋਨੀਪਤ/ਬਰਨਾਲਾ: ਪੱਛਮੀ ਬੰਗਾਲ ਵਿੱਚ ਬੀਜੇਪੀ ਦੀ ਹਾਰ ਨੂੰ ਲੈ ਕੇ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਹੈ। ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਭਾਜਪਾ ਦੀ ਹਾਰ ‘ਤੇ ਕਿਸਾਨਾਂ ਅਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਕਿਸਾਨਾਂ ਨੇ ਭਾਜਪਾ ਦੀ ਹਾਰ ਦਾ ਜਸ਼ਨ ਮਨਾਇਆ, ਲੱਡੂ ਵੰਡੇ ਤੇ ਦੀਵੇ ਜਗਾਏ। ਚੜੂਨੀ ਨੇ ਕਿਹਾ ਕਿ ਇਸ ਸਰਕਾਰ ਦੀ ਉਲਟੀ ਗਿਣਤੀ ਹੁਣ ਸ਼ੁਰੂ ਹੋ ਗਈ ਹੈ।
ਉਨ੍ਹਾਂ ਕਿਹਾ ਅੱਜ ਇਹ ਪੱਛਮੀ ਬੰਗਾਲ 'ਚ ਹਾਰੀ ਹੈ, ਅਗਲੇ ਸਾਲ ਉੱਤਰ ਪ੍ਰਦੇਸ਼ ਦੇ ਸਾਰੇ ਕਿਸਾਨ ਬੀਜੇਪੀ ਨੂੰ ਹਰਾਉਣਗੇ। ਅੱਜ ਵੀ ਸਰਕਾਰ ਕੋਲ ਕਿਸਾਨਾਂ ਦੀ ਗੱਲ ਸੁਣਨ ਦਾ ਸਮਾਂ ਹੈ। ਸਰਕਾਰ ਨੂੰ ਬੇਗੁਨਾਹ ਕਿਸਾਨਾਂ ਨੂੰ ਸੜਕਾਂ 'ਤੇ ਮਾਰਨਾ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਜੇਕਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਨਹੀਂ ਮੰਨਦੀ ਤਾਂ ਭਾਜਪਾ ਦਾ ਨਾਮ ਲੈਣ ਵਾਲਾ ਇਥੇ ਕੋਈ ਨਹੀਂ ਬਚੇਗਾ।
ਗੁਰਨਾਮ ਸਿੰਘ ਚੜੂਨੀ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਲਓ, ਨਹੀਂ ਤਾਂ ਪੂਰੇ ਦੇਸ਼ ਵਿੱਚ ਜਿਥੇ ਵੀ ਚੋਣਾਂ ਹੋਣਗੀਆਂ, ਕਿਸਾਨ ਉਨ੍ਹਾਂ ਦਾ ਵਿਰੋਧ ਕਰਨਗੇ।
ਉਧਰ ਬਰਨਾਲਾ 'ਚ ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਬੀਜੇਪੀ ਦੀ ਪੱਛਮੀ ਬੰਗਾਲ ਵਿੱਚ ਹਾਰ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਅਤੇ ਫ਼ਿਰਕੂ ਨੀਤੀਆਂ ਦੀ ਹਾਰ ਹੈ। ਇਸ ਹਾਰ ਨਾਲ ਸੰਯੁਕਤ ਕਿਸਾਨ ਮੋਰਚੇ ਦੀ ਵੱਡੀ ਜਿੱਤ ਹੋਈ ਹੈ। ਕਿਉਂਕਿ ਕਿਸਾਨ ਮੋਰਚੇ ਦੇ ਆਗੂ ਪੱਛਮੀ ਬੰਗਾਲ ਵਿੱਚ ਬੀਜੇਪੀ ਨੂੰ ਨਾ ਵੋਟ ਪਾਉਣ ਦੀ ਅਪੀਲ ਕਰਨ ਗਏ ਸੀ। ਜਿਸ ਦਾ ਅਸਰ ਇਨ੍ਹਾਂ ਚੋਣਾਂ ਵਿੱਚ ਦੇਖਣ ਨੂੰ ਮਿਲਿਆ ਹੈ।
ਉਨ੍ਹਾਂ ਕਿਹਾ ਕੇਂਦਰ ਸਰਕਾਰ ਵਲੋਂ ਖੇਤੀ ਕਾਨੂੰਨ ਬਣਾ ਕੇ ਦੇਸ਼ ਦੀ ਖੇਤੀ ਅਤੇ ਕਿਸਾਨੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਦਾ ਹੋਕਾ ਬੰਗਾਲ ਵਿੱਚ ਕਿਸਾਨ ਆਗੂਆਂ ਵਲੋਂ ਦਿੱਤਾ ਗਿਆ। ਜਿਸ ’ਤੇ ਬੰਗਾਲ ਦੇ ਕਿਸਾਨਾਂ ਨੇ ਖਾਸ ਧਿਆਨ ਦੇ ਕੇ ਬੀਜੇਪੀ ਨੂੰ ਵੋਟ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਜਿੱਥੇ ਚੋਣਾਂ ਹੋਣਗੀਆਂ, ਸੰਯੁਕਤ ਕਿਸਾਨ ਮੋਰਚੇ ਦੇ ਆਗੂ ਉਥੇ ਬੀਜੇਪੀ ਦਾ ਵਿਰੋਧ ਕਰਨ ਜਾਣਗੇ। ਖੇਤੀ ਕਾਨੂੰਨ ਰੱਦ ਹੋਣ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।