ਕੋਲਕਾਤਾ: ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਲੀਡਰਾਂ ਦੀ ਘਰ ਵਾਪਸੀ ਰੋਕਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਹਾਲਾਂਕਿ ਭਾਜਪਾ ਦੀ ਇਹ ਕੋਸ਼ਿਸ਼ ਨਾਕਾਮ ਹੁੰਦੀ ਵਿਖਾਈ ਦੇ ਰਹੀ ਹੈ। ਬੰਗਾਲ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸ਼ੁਭੇਂਦੂ ਅਧਿਕਾਰੀ ਨੇ ਸੋਮਵਾਰ ਸ਼ਾਮ ਰਾਜ ਭਵਨ 'ਚ ਪਾਰਟੀ ਦੇ ਵਿਧਾਇਕਾਂ ਦੇ ਵਫ਼ਦ ਨਾਲ ਰਾਜਪਾਲ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਲਗਪਗ 24 ਵਿਧਾਇਕਾਂ ਨੇ ਮੀਟਿੰਗ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ। ਉਦੋਂ ਤੋਂ ਇਹ ਕਿਆਸ ਲਾਏ ਜਾ ਰਹੇ ਹਨ ਕਿ ਬੰਗਾਲ ਭਾਜਪਾ 'ਚ ਫੁੱਟ ਪੈ ਗਈ ਹੈ।
ਮੀਡੀਆ ਰਿਪੋਰਟ ਅਨੁਸਾਰ ਭਾਜਪਾ ਆਗੂਆਂ ਦੀ ਬੈਠਕ ਦਾ ਉਦੇਸ਼ ਰਾਜਪਾਲ ਨੂੰ ਸੂਬੇ 'ਚ ਵਾਪਰ ਰਹੀਆਂ ਬਹੁਤ ਸਾਰੀਆਂ ਹਿੰਸਕ ਤੇ ਗਲਤ ਘਟਨਾਵਾਂ ਬਾਰੇ ਦੱਸਣਾ ਤੇ ਹੋਰ ਮਹੱਤਵਪੂਰਨ ਮਾਮਲਿਆਂ ਬਾਰੇ ਵਿਚਾਰ-ਵਟਾਂਦਰਾ ਕਰਨਾ ਸੀ, ਪਰ 74 'ਚੋਂ 24 ਵਿਧਾਇਕ ਸ਼ੁਭੇਂਦੂ ਨਾਲ ਨਹੀਂ ਆਏ। ਅਜਿਹੀ ਸਥਿਤੀ 'ਚ ਪਾਰਟੀ ਤੋਂ ਰਿਵਰਸ ਮਾਈਗ੍ਰੇਸ਼ਨ ਦੀਆਂ ਅਟਕਲਾਂ ਸ਼ੁਰੂ ਹੋ ਗਈਆਂ ਹਨ। ਇਸ ਦਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸਾਰੇ ਭਾਜਪਾ ਵਿਧਾਇਕ ਸ਼ੁਭੇਂਦੂ ਨੂੰ ਮੁੱਖ ਆਗੂ ਵਜੋਂ ਸਵੀਕਾਰ ਨਹੀਂ ਕਰਨਾ ਚਾਹੁੰਦੇ।
ਰਿਪੋਰਟਾਂ ਅਨੁਸਾਰ ਭਾਜਪਾ ਦੇ ਕਈ ਵਿਧਾਇਕ ਤ੍ਰਿਣਮੂਲ ਦੇ ਸੰਪਰਕ 'ਚ ਹਨ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਦੇ ਕਈ ਵਿਧਾਇਕ ਤ੍ਰਿਣਮੂਲ ਕਾਂਗਰਸ 'ਚ ਵਾਪਸ ਚਲੇ ਜਾਣਗੇ। ਪਿਛਲੇ ਹਫ਼ਤੇ ਮੁਕੁਲ ਰਾਏ ਤ੍ਰਿਣਮੂਲ ਕਾਂਗਰਸ 'ਚ ਵਾਪਸ ਆ ਗਏ ਸਨ। ਇਹ ਮੰਨਿਆ ਜਾ ਰਿਹਾ ਹੈ ਕਿ ਰਾਜੀਵ ਬੈਨਰਜੀ, ਦੀਪੇਂਦੁ ਵਿਸ਼ਵਾਸ ਤੇ ਸੁਭਰਾਂਸ਼ੁ ਰਾਏ ਸਮੇਤ ਕਈ ਹੋਰ ਆਗੂਆਂ ਦੀ ਵੀ ਘਰ ਵਾਪਸੀ ਹੋ ਸਕਦੀ ਹੈ। ਮੁਕੁਲ ਰਾਏ ਨੇ ਭਾਜਪਾ ਦੀ ਟਿਕਟ 'ਤੇ ਚੋਣ ਲੜੀ ਸੀ ਤੇ ਕ੍ਰਿਸ਼ਨਨਗਰ ਉੱਤਰੀ ਸੀਟ ਜਿੱਤੀ ਸੀ।
ਇਸ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਕਿਹਾ ਸੀ ਕਿ ਪਾਰਟੀ ਉਨ੍ਹਾਂ ਲੋਕਾਂ ਦੇ ਮਾਮਲੇ 'ਤੇ ਵਿਚਾਰ ਕਰੇਗੀ, ਜਿਹੜੇ ਮੁਕੁਲ ਦੇ ਨਾਲ ਤ੍ਰਿਣਮੂਲ ਛੱਡ ਗਏ ਸਨ ਅਤੇ ਵਾਪਸ ਆਉਣਾ ਚਾਹੁੰਦੇ ਸਨ। ਟੀਐਮਸੀ ਸੂਤਰਾਂ ਅਨੁਸਾਰ 30 ਤੋਂ ਵੱਧ ਵਿਧਾਇਕ ਉਨ੍ਹਾਂ ਦੇ ਸੰਪਰਕ 'ਚ ਹਨ। ਰਾਏ ਤੋਂ ਪਹਿਲਾਂ ਸੋਨਾਲੀ ਗੁਹਾ ਅਤੇ ਦੀਪੇਂਦੁ ਵਿਸ਼ਵਾਸ ਵਰਗੇ ਆਗੂਆਂ ਨੇ ਖੁੱਲ੍ਹ ਕੇ ਕਿਹਾ ਸੀ ਕਿ ਉਹ ਪਾਰਟੀ 'ਚ ਵਾਪਸ ਆਉਣਾ ਚਾਹੁੰਦੇ ਹਨ।
ਸੂਤਰਾਂ ਅਨੁਸਾਰ ਹਾਲ ਹੀ 'ਚ ਬੰਗਾਲ ਦੇ ਭਾਜਪਾ ਪ੍ਰਧਾਨ ਦਿਲੀਪ ਘੋਸ਼ ਵੱਲੋਂ ਬੁਲਾਈ ਗਈ ਮੀਟਿੰਗ 'ਚ ਪਾਰਟੀ ਦੇ ਸੰਸਦ ਮੈਂਬਰ ਸ਼ਾਂਤਨੂ ਠਾਕੁਰ ਤੇ ਤਿੰਨ ਹੋਰ ਵਿਧਾਇਕ ਸ਼ਾਮਲ ਨਹੀਂ ਹੋਏ ਸਨ। ਪ੍ਰਭਾਵਸ਼ਾਲੀ ਮਤੁਆ ਭਾਈਚਾਰੇ ਦੇ ਇਕ ਪ੍ਰਮੁੱਖ ਮੈਂਬਰ ਸਾਂਸਦ ਸ਼ਾਂਤਨੂ ਠਾਕੁਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੰਗਾਲ ਵਿੱਚ ਸੀਏਏ ਕਾਨੂੰਨ ਲਾਗੂ ਕਰਨ ਬਾਰੇ ਭਾਜਪਾ ਦੇ ਸਟੈਂਡ ਤੋਂ ਅਸੰਤੁਸ਼ਟ ਹਨ। ਇਨ੍ਹਾਂ ਤੋਂ ਇਲਾਵਾ ਤਿੰਨ ਵਿਧਾਇਕਾਂ ਵਿਸ਼ਵਜੀਤ ਦਾਸ (ਬਗੜਾ), ਅਸ਼ੋਕ ਕੀਰਤਨੀਆ (ਬੋਨਗਾਓਂ ਉੱਤਰ) ਤੇ ਸੁਬਰਤ ਠਾਕੁਰ (ਗਾਏਘਾਟਾ) ਦੇ ਨਾਵਾਂ ਦੀ ਚਰਚਾ ਹੋ ਰਹੀ ਹੈ।