ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਦੇਣ ਲਈ ਬੀਜੇਪੀ ਦੀ ਨਵੀਂ ਰਣਨੀਤੀ
ਏਬੀਪੀ ਸਾਂਝਾ | 04 Oct 2020 05:26 PM (IST)
ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਵੱਡਾ ਝਟਕਾ ਦੇਣ ਲਈ ਬੀਜੇਪੀ ਨੀਤੀ ਤਿਆਰ ਕਰ ਰਹੀ ਹੈ। ਇਸ ਦੇ ਨਾਲ ਸਿਆਸੀ ਰਿਸ਼ਤਾ ਖਤਮ ਹੋਣ ਤੋਂ ਬਾਅਦ ਦਿੱਲੀ ਦੇ ਰਾਜਨੀਤਕ ਸਮੀਕਰਨ ਵੀ ਬਦਲ ਗਏ ਹਨ।
ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਵੱਡਾ ਝਟਕਾ ਦੇਣ ਲਈ ਬੀਜੇਪੀ ਨੀਤੀ ਤਿਆਰ ਕਰ ਰਹੀ ਹੈ। ਇਸ ਦੇ ਨਾਲ ਸਿਆਸੀ ਰਿਸ਼ਤਾ ਖਤਮ ਹੋਣ ਤੋਂ ਬਾਅਦ ਦਿੱਲੀ ਦੇ ਰਾਜਨੀਤਕ ਸਮੀਕਰਨ ਵੀ ਬਦਲ ਗਏ ਹਨ। ਹੁਣ ਤੱਕ ਸਿੱਖ ਵੋਟਾਂ ਲਈ ਅਕਾਲੀਆਂ 'ਤੇ ਨਿਰਭਰ ਰਹੀ ਭਾਜਪਾ ਆਪਣਾ ਅਧਾਰ ਵਧਾਉਣਾ ਦੀ ਰਣਨੀਤੀ ਘੜ ਰਹੀ ਹੈ। ਇਸ ਲਈ ਸਿੱਖ ਆਗੂਆਂ ਨੂੰ ਮਹੱਤਵਪੂਰਨ ਜ਼ਿੰਮੇਵਾਰੀ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ। ਕਈ ਆਗੂ ਸੂਬੇ 'ਚ ਕੁਰਸੀ ਹਾਸਲ ਕਰਨ ਦੀ ਦੌੜ 'ਚ ਵੀ ਹਨ। ਦਿੱਲੀ 'ਚ ਪਾਰਟੀ ਦਾ ਸਿੱਖ ਚਿਹਰਾ ਮੰਨੇ ਜਾਣ ਵਾਲੇ ਆਰਪੀ ਸਿੰਘ ਨੂੰ ਕੌਮੀ ਬੁਲਾਰਾ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਮੰਡਲ ਤੋਂ ਲੈ ਕੇ ਸੂਬੇ ਲਈ ਕਈ ਸਿੱਖ ਆਗੂ ਇਸ ਅਹੁਦੇ ਲਈ ਦਾਅਵਾ ਕਰ ਰਹੇ ਹਨ। ਬਦਲੇ ਹੋਏ ਰਾਜਨੀਤਕ ਸਮੀਕਰਨ ਵਿੱਚ ਉਨ੍ਹਾਂ ਦਾ ਦਾਅਵਾ ਹੋਰ ਵੀ ਮਜ਼ਬੂਤ ਹੋਇਆ ਹੈ। ਪਾਰਟੀ ਆਗੂ ਇਹ ਵੀ ਮੰਨਦੇ ਹਨ ਕਿ ਸਿੱਖਾਂ ਦੇ ਅਧਾਰ ਨੂੰ ਵਧਾਉਣ ਲਈ ਸਿੱਖ ਲੀਡਰਸ਼ਿਪ ਨੂੰ ਉਭਾਰਨਾ ਪਏਗਾ। ਇਹ ਵੀ ਸਹੀ ਸਮਾਂ ਹੈ, ਕਿਉਂਕਿ ਮੰਡਲ ਤੋਂ ਸੂਬੇ 'ਚ ਨਵੀਂ ਟੀਮ ਦੇ ਗਠਨ ਦੀ ਪ੍ਰਕਿਰਿਆ ਚੱਲ ਰਹੀ ਹੈ। ਜੇ ਸਿੱਖ ਨੇਤਾਵਾਂ ਨੂੰ ਮਹੱਤਵਪੂਰਨ ਜ਼ਿੰਮੇਵਾਰੀ ਮਿਲਦੀ ਹੈ, ਤਾਂ ਆਉਣ ਵਾਲੇ ਦਿਨਾਂ 'ਚ ਇਸ ਦਾ ਅਸਰ ਵੀ ਦੇਖਣ ਨੂੰ ਮਿਲੇਗਾ। ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ ਇੱਕ ਵਾਰ ਫਿਰ ਸੂਬਾ ਟੀਮ 'ਚ ਜਗ੍ਹਾ ਬਣਾਉਣ ਲਈ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਅਕਾਲੀ ਦਲ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਪੀਸੀ) ਦੇ ਉਪ-ਚੇਅਰਮੈਨ ਵਜੋਂ ਅਸਤੀਫ਼ਾ ਦੇਣ ਦਾ ਐਲਾਨ ਵੀ ਕੀਤਾ ਹੈ। ਪੰਥ ਰਾਜਨੀਤੀ 'ਚ ਸਰਗਰਮ ਹੋਣ ਤੋਂ ਇਲਾਵਾ ਉਨ੍ਹਾਂ ਭਾਜਪਾ 'ਚ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਹਨ। ਇਸ ਦੇ ਨਾਲ ਹੀ ਉੱਤਰੀ ਦਿੱਲੀ ਮਿਊਂਸਿਪਲ ਕਾਰਪੋਰੇਸ਼ਨ ਦੇ ਸਾਬਕਾ ਮੇਅਰ ਅਵਤਾਰ ਸਿੰਘ, ਰਾਜ ਭਾਜਪਾ ਸਿੱਖ ਸੈੱਲ ਦੇ ਇੰਚਾਰਜ ਕੁਲਵਿੰਦਰ ਸਿੰਘ ਬੰਟੀ ਤੇ ਕਨਵੀਨਰ ਕੁਲਦੀਪ ਸਿੰਘ ਵੀ ਮੁੱਖ ਟੀਮ ਵਿੱਚ ਸਥਾਨ ਪ੍ਰਾਪਤ ਕਰਨ ਦੀ ਦੌੜ ਵਿੱਚ ਸ਼ਾਮਲ ਦੱਸੇ ਗਏ ਹਨ। ਭਾਰਤੀ ਜਨਤਾ ਯੁਵਾ ਮੋਰਚਾ (ਬੀਜੇਵਾਈਐਮ) ਦੇ ਸੂਬਾ ਪ੍ਰਧਾਨ ਦੇ ਸੰਬੰਧ ਵਿੱਚ ਦੋ ਸਿੱਖ ਨੇਤਾਵਾਂ ਦੇ ਨਾਮ ਵੀ ਵਿਚਾਰੇ ਜਾ ਰਹੇ ਹਨ। ਬੀਜੇਵਾਈਐਮ ਦੇ ਕੌਮੀ ਮੰਤਰੀ ਇਮਪ੍ਰੀਤ ਸਿੰਘ ਬਖਸ਼ੀ ਤੇ ਪ੍ਰਦੇਸ਼ ਭਾਜਪਾ ਦੇ ਬੁਲਾਰੇ ਤੇਜਿੰਦਰ ਪਾਲ ਸਿੰਘ ਬੱਗਾ ਇਸ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ।