ਨਵੀਂ ਦਿੱਲੀ: NRI ਪਤੀਆਂ ਤੋਂ ਧੋਖਾ ਖਾ ਚੁੱਕੀਆਂ ਕੁੜੀਆਂ ਦੀ ਪਟੀਸ਼ਨ ਉੱਤੇ ਸੁਪਰੀਮ ਕੋਰਟ ’ਚ ਆਉਂਦੇ ਜੁਲਾਈ ਮਹੀਨੇ ਸੁਣਵਾਈ ਹੋਵੇਗੀ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਅਜਿਹੇ ਮਾਮਲਿਆਂ ਬਾਰੇ ਨਿਯਮ ਕੁਝ ਸਪੱਸ਼ਟ ਨਾ ਹੋਣ ਕਾਰਨ NRI ਲਾੜੇ ਭਾਰਤ ’ਚ ਕਾਨੂੰਨੀ ਕਾਰਵਾਈਆਂ ਤੋਂ ਬਚਦੇ ਰਹਿੰਦੇ ਹਨ। ਅੱਜ ਅਦਾਲਤ ਨੇ ਇਸ ਮਸਲੇ ਉੱਤੇ NGO ਪ੍ਰਵਾਸੀ ਲੀਗਲ ਸੈੱਲ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰੰਬਧਕ ਕਮੇਟੀ (DSGPC) ਦੀ ਅਰਜ਼ੀ ਵੀ ਸੁਣਵਾਈ ਲਈ ਪ੍ਰਵਾਨ ਕਰ ਲਈ।

 

ਦਰਅਸਲ, ਵਿਦੇਸ਼ਾਂ ’ਚ ਵੱਸੇ ਲਾੜਿਆਂ ਤੋਂ ਧੋਖਾ ਚੁੱਕੀਆਂ 8 ਕੁੜੀਆਂ ਨੇ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਹੈ। ਉਨ੍ਹਾਂ ਦੀ ਮੰਗ ਹੈ ਕਿ ਵਿਦੇਸ਼ੀ ਲਾੜਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਹੱਥੋਂ ਭਾਰਤੀ ਕੁੜੀਆਂ ਨੂੰ ਧੋਖੇ ਤੋਂ ਬਚਾਉਣ ਲਈ ਸੁਪਰੀਮ ਕੋਰਟ ਦਿਸ਼ਾ-ਨਿਰਦੇਸ਼ ਜਾਰੀ ਕਰੇ। ਇਨ੍ਹਾਂ ਲਾੜਿਆਂ ਤੇ ਉਨ੍ਹਾਂ ਦੇ ਮਾੜੇ ਮਨਸੂਬਿਆਂ ਵਿੱਚ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਨੂੰਨ ਵਿੱਚ ਵਿਸ਼ੇਸ਼ ਵਿਵਸਥਾ ਕੀਤੀ ਜਾਵੇ। ਅਦਾਲਤ ਨੇ ਨਵੰਬਰ 2018 ’ਚ ਸਰਕਾਰ ਤੋਂ ਇਨ੍ਹਾਂ ਬਾਰੇ ਜਵਾਬ ਮੰਗਿਆ ਸੀ।

 

ਅੱਜ ਪਟੀਸ਼ਨਰਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕੌਲਿਨ ਗੌਜ਼ਾਲਵੇਸ ਨੇ ਅਦਾਲਤ ਨੂੰ ਦੱਸਿਆ ਕਿ ਸਾਰੀਆਂ ਕਾਗਜ਼ੀ ਰਸਮੀ ਕਾਰਵਾਈਆਂ ਹੋ ਚੁੱਕੀਆਂ ਹਨ ਤੇ ਹੁਣ ਤਾਂ ਸਿਰਫ਼ ਵਿਸਤ੍ਰਿਤ ਸੁਣਵਾਈ ਹੋਣੀ ਹੈ। ਤਦ ਚੀਫ਼ ਜਸਟਿਸ ਐਸਏ ਬੋਬੜੇ ਦੀ ਪ੍ਰਧਾਨਗੀ ਹੇਠਲੇ 3 ਜੱਜਾਂ ਦੇ ਬੈਂਚ ਨੇ ਇਸ ਪਟੀਸ਼ਨ ਨੂੰ ਜੁਲਾਈ ਮਹੀਨੇ ’ਚ ਸੁਣਵਾਈ ਲਈ ਲਾਉਣ ਦੀ ਹਦਾਇਤ ਕੀਤੀ।

 

ਇਸ ਪਟੀਸ਼ਨ ਮੁਤਾਬਕ ਵਿਦੇਸ਼ ’ਚ ਰਹਿ ਰਹੇ ਪਤੀਆਂ ਤੋਂ ਧੋਖਾ ਖਾਣ ਵਾਲੀਆਂ ਭਾਰਤ ’ਚ ਰਹਿ ਰਹੀਆਂ ਕੁੜੀਆਂ ਦੀ ਗਿਣਤੀ 40,000 ਤੋਂ ਵੀ ਜ਼ਿਆਦਾ ਹੈ। ਕਿਸੇ ਦਾ ਪਤੀ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਵਿਦੇਸ਼ ਭੱਜ ਗਿਆ। ਕੋਈ ਲਾੜਾ ਆਪਣੀ ਪਤਨੀ ਨੂੰ ਵਿਦੇਸ਼ ਤਾਂ ਲੈ ਗਿਆ ਪਰ ਕੁਝ ਦਿਨ ਰੱਖਣ ਤੋਂ ਬਾਅਦ ਮੁੜ ਛੱਡ ਗਿਆ। ਲੜਕੀਆਂ ਨੂੰ ਵਿਦੇਸ਼ ਲਿਜਾਣ ਦੇ ਨਾਂ ਉੱਤੇ ਮੋਟੀਆਂ ਰਕਮਾਂ ਠੱਗੀਆਂ ਗਈਆਂ।

 

ਅਜਿਹੀਆਂ ਬਹੁਤ ਸਾਰੀਆਂ ਕੁੜੀਆਂ ਦੇ ਬੱਚੇ ਵੀ ਹੋ ਗਏ ਪਰ ਉਨ੍ਹਾਂ ਨੂੰ ਅਪਨਾਉਣ ਤੋਂ ਵਿਦੇਸ਼ੀ ਲਾੜਿਆਂ ਨੇ ਮਨ੍ਹਾ ਕਰ ਦਿੱਤਾ। ਉਨ੍ਹਾਂ ਦੇ ਪਤੀ ਇਸ ਵੇਲੇ ਵਿਦੇਸ਼ ’ਚ ਆਰਾਮ ਨਾਲ ਬੈਠੇ ਹਨ ਪਰ ਭਾਰਤ ’ਚ ਅਜਿਹੀਆਂ ਕੁੜੀਆਂ ਪੁਲਿਸ ਸਟੇਸ਼ਨਾਂ ਤੇ ਅਦਾਲਤਾਂ ਦੇ ਚੱਕਰ ਕੱਟ ਰਹੀਆਂ ਹਨ।