World Water Day 2021: ਧਰਤੀ ਦੇ ਚਾਰ ਹਿੱਸਿਆਂ ਵਿੱਚੋਂ ਤਿੰਨ ਹਿੱਸੇ ਸਮੁੰਦਰ ਹੈ ਭਾਵ ਤਿੰਨੇ ਹਿੱਸੇ ਪਾਣੀ ਹੈ। ਧਰਤੀ ’ਤੇ ਜਿੰਨਾ ਵੀ ਪਾਣੀ ਉਪਲਬਧ ਹੈ, ਉਸ ਵਿੱਚੋਂ ਸਿਰਫ਼ 3 ਫ਼ੀਸਦੀ ਸਾਡੇ ਕੰਮ ਦਾ ਹੈ ਪਰ ਇਸ ਤਿੰਨ ਫ਼ੀ ਸਦੀ ਪਾਣੀ ਵਿੱਚੋਂ ਵੀ ਸਿਰਫ਼ 1 ਫ਼ੀ ਸਦੀ ਪਾਣੀ ਹੀ ਪੀਣ ਲਈ ਉਪਲਬਧ ਹੈ।
ਅੰਨ੍ਹੇਵਾਹ ਆਧੁਨਿਕੀਕਰਨ ਕਰਕੇ ਪਾਣੀ ਦੇ ਉਪਲਬਧ ਸਰੋਤ ਵੀ ਸੁੱਕਣ ਲੱਗ ਪਏ ਹਨ; ਜਿਸ ਕਾਰਨ ਪਾਣੀ ਦੀ ਔੜ ਪੈਦਾ ਹੋ ਗਈ ਹੈ। ਅੱਜ ‘ਵਿਸ਼ਵ ਜਲ ਦਿਵਸ’ ਹੈ। ਇਸ ਦਿਨ ਪਾਣੀ ਦਾ ਮਹੱਤਵ ਸਮਝਿਆ ਤੇ ਸਮਝਾਇਆ ਜਾਂਦਾ ਹੈ।
ਇਸ ਵਰ੍ਹੇ ਵਿਸ਼ਵ ਜਲ ਦਿਵਸ ਮੌਕੇ ਸੰਯੁਕਤ ਰਾਸ਼ਟਰ ਸੰਘ (UNO) ਦੀ ਉੱਚ ਪੱਧਰੀ ਕੌਮਾਂਤਰੀ ਕਾਨਫ਼ਰੰਸ ਹੋਣ ਜਾ ਰਹੀ ਹੈ। ਸੰਯੁਕਤ ਰਾਸ਼ਟਰ ਨੇ ਆਪਣੇ ਸੁਨੇਹੇ ’ਚ ਕਿਹਾ ਹੈ ਕਿ ਭਾਵੇਂ ਸਿੱਖਿਆ ਹੋਵੇ ਤੇ ਚਾਹੇ ਸਿਹਤ, ਭੋਜਨ, ਘਰੇਲੂ ਜ਼ਰੂਰਤਾਂ, ਆਰਥਿਕ ਗਤੀਵਿਧੀਆਂ ਹੋਣ ਜਾਂ ਕੌਮਾਂਤਰੀ ਵਣਜ ਮਨੁੱਖ ਦੀ ਹੋਂਦ ਲਈ ਪਾਣੀ ਤੋਂ ਵਧ ਕੇ ਕੋਈ ਵੀ ਇੰਨਾ ਜ਼ਿਆਦਾ ਜ਼ਰੂਰੀ ਹੋਰ ਕੋਈ ਸਾਧਨ ਨਹੀਂ।
ਜਲਵਾਯੂ ਦੀ ਤਬਦੀਲੀ ਕਾਰਣ ਪਾਣੀ ਦੇ ਕੁਦਰਤੀ ਸਰੋਤ ਪ੍ਰਭਾਵਿਤ ਹੋ ਰਹੇ ਹਨ, ਜਿਸ ਦਾ ਸਿੱਧਾ ਅਸਰ ਸਮਾਜ ਉੱਤੇ ਪੈ ਰਿਹਾ ਹੈ। ਏਸ਼ਿਆਈ ਵਿਕਾਸ ਬੈਂਕ (ADB) ਮੁਤਾਬਕ ਭਾਰਤ ’ਚ ਸਾਲ 2030 ਤੱਕ ਪਾਣੀ ਦੀ ਕਮੀ 50 ਫ਼ੀ ਸਦੀ ਹੋ ਜਾਵੇਗੀ। ਨੀਤੀ ਆਯੋਗ ਦੀ ਰਿਪੋਰਟ ਮੁਤਾਬਕ ਭਾਰਤ ਇਤਿਹਾਸ ਵਿੱਚ ਆਪਣੇ ਸਭ ਤੋਂ ਖ਼ਰਾਬ ਜਲ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਗਰਮੀਆਂ ਵਿੱਚ ਹੈਂਡ ਪੰਪ ਸੁੱਕ ਜਾਂਦੇ ਹਨ।
ਭਾਰਤ ’ਚ ਪਾਣੀ ਦੀ ਸਾਲਾਨਾ ਪ੍ਰਤੀ ਵਿਅਕਤੀ ਉਪਲਬਧਤਾ 1951 ਵਿੱਚ 5,177 ਕਿਊਬਿਕ ਮੀਟਰ ਹੁੰਦੀ ਸੀ, ਉਹ ਸਾਲ 2019 ’ਚ ਘਟ ਕੇ 1,720 ਕਿਊਬਿਕ ਮੀਟਰ ਰਹਿ ਗਈ ਹੈ। ਦਿੱਲੀ, ਬੈਂਗਲੁਰੂ, ਚੇਨਈ ਤੇ ਹੈਦਰਾਬਾਦ ਸਮੇਤ 21 ਸ਼ਹਿਰਾਂ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਬਹੁਤ ਹੇਠਾਂ ਚਲਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904