ਨਵੀਂ ਦਿੱਲੀ: ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ 'ਚ ਅੱਜ ਬਜਟ ਪੇਸ਼ ਕੀਤਾ। ਇਹ ਉਨ੍ਹਾਂ ਦਾ ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦਾ ਦੂਸਰਾ ਬਜਟ ਹੈ। ਇਸ ਬਜਟ 'ਚ ਉਨ੍ਹਾਂ ਨੇ ਕਿਸਾਨਾਂ ਲਈ ਕਈ ਵੱਡੇ ਐਲਾਨ ਕੀਤੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਵਚਨਬੱਧ ਹੈ। ਸਰਕਾਰ ਨੇ 16 ਐਕਸ਼ਨ ਪੁਆਇੰਟ ਬਣਾਏ ਜਿਨ੍ਹਾਂ ਜ਼ਰੀਏ ਕਿਸਾਨਾਂ ਅਤੇ ਪਿੰਡਾਂ 'ਤੇ ਫੌਕਸ ਕੀਤਾ ਜਾ ਰਿਹਾ ਹੈ।

-ਵਿੱਤ ਮੰਤਰੀ ਨੇ ਜਾਣਕਾਰੀ ਦਿੱਤੀ ਕਿ 6 ਕਰੋੜ 11 ਲੱਖ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਬੀਮਾ ਸਕੀਮ ਨਾਲ ਜੋੜਿਆ ਗਿਆ ਹੈ ।

-ਖੇਤੀਬਾੜੀ ਸਿੰਚਾਈ ਲਈ 1.2 ਲੱਖ ਕਰੋੜ ਰੁਪਏ ਦਿੱਤੇ ਜਾਣਗੇ।

-15 ਲੱਖ ਕਿਸਾਨਾਂ ਨੂੰ ਸੋਲਰ ਪਾਵਰ ਵਾਲੇ ਪੰਪ ਦਿੱਤੇ ਜਾਣਗੇ। ਕੁਸੁਮ ਯੋਜਨਾ ਤਹਿਤ ਕਿਸਾਨਾਂ ਨੂੰ ਪੰਪ ਦਿੱਤੇ ਜਾਣਗੇ।

-ਮਛਲੀ ਪਾਲਨ ਦੇ ਲਈ ਸਾਗਰਮਿੱਤਰ ਯੋਜਨਾ ਲਾਗੂ ਹੋਵੇਗੀ ਜਿਸ ਜ਼ਰੀਏ ਨੌਜਵਾਨਾਂ ਨੂੰ ਮੱਛਲੀ ਪਾਲਣ ਨਾਲ ਜੋੜਿਆ ਜਾਵੇਗਾ। ਦੇਸ਼ ਦੇ ਮਛਲੀ ਉਤਪਾਦਨ 2 ਲੱਖ ਟਨ ਕਰਨ ਦਾ ਟੀਚਾ ਹੈ।

-ਜੈਵਿਕ ਖੇਤੀ ਦਾ ਇੱਕ ਪੋਰਟਲ ਬਣਾਇਆ ਗਿਆ ਹੈ। ਇਸਦੇ ਤਹਿਤ ਜੈਵਿਕ ਖਾਦ ਦੀ ਵਰਤੋਂ ਨੂੰ ਵਧਾਵਾ ਦਿੱਤਾ ਜਾਵੇਗਾ।

-ਕਿਸਾਨ ਰੇਲ ਚਲਾਈ ਜਾਵੇਗੀ ਤੇ ਖੇਤੀਬਾੜੀ ਪ੍ਰੋਡਕਟ ਦੇ ਲਈ ਕਿਸਾਨ ਉੜਾਨ ਯੋਜਨਾ 'ਤੇ ਵੀ ਕੰਮ ਕੀਤਾ ਜਾਵੇਗਾ।

-ਪਿੰਡ ਪੱਧਰ 'ਤੇ ਸਟੋਰੇਜ ਦੀ ਸੁਵਿਧਾ ਮੁਹਈਆ ਕਰਵਾਈ ਜਾਵੇਗੀ। ਇਸ ਜ਼ਰੀਏ ਕਿਸਾਨਾਂ ਦਾ ਮਾਲ ਜਲਦ ਪਹੁੰਚਾਉਣ ਦੇ ਸਰੋਤ ਮੁਹੱਈਆ ਕਰਵਾਏ ਜਾਣਗੇ। ਪੰਚਾਇਤੀ ਪੱਧਰ 'ਤੇ ਕੋਲਡ ਸਟੋਰੇਜ ਬਣਾਏ ਜਾਣਗੇ।

-2025 ਤੱਕ ਦੁੱਧ ਦਾ ਉਤਪਾਦਨ ਦੁੱਗਣਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

-ਦੇਸ਼ ਦੇ ਕਿਸਾਨਾਂ ਨੂੰ 15 ਲੱਖ ਕਰੋੜ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ।