ਨਵੀਂ ਦਿੱਲੀ: ਤਹਿਰਾਨ ਏਅਰਪੋਰਟ ਨੇੜੇ ਬੁੱਧਵਾਰ ਨੂੰ ਕਰੈਸ਼ ਹੋਇਆ ਜਹਾਜ਼ ਇਰਾਨੀ ਮਿਜ਼ਾਈਲ ਨਾਲ ਟਕਰਾਇਆ ਸੀ। ਇਹ ਦਾਅਵਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੀਤਾ ਹੈ। ਇਸ ਤੋਂ ਬਾਅਦ ਹੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਹੈ।



ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਜਹਾਜ਼ ਮਿਜ਼ਾਈਲ ਲੱਗਣ ਤੋਂ ਬਾਅਦ ਕੁਝ ਦੇਰ ਬਾਅਦ ਅੱਗ ਦੀਆਂ ਲਪਟਾਂ 'ਚ ਉੱਡਦਾ ਹੈ। ਇਹ ਖੁਲਾਸਾ ਹੋਇਆ ਕਿ ਜਹਾਜ਼ ਦਾ ਉਡਾਣ ਤੋਂ ਬਾਅਦ ਹੀ ਸੰਪਰਕ ਟੁੱਟ ਗਿਆ ਸੀ। ਫਿਰ ਪਲੇਨ ਨੇ ਵਾਪਸ ਜਾਣ ਦੀ ਕੋਸ਼ਿਸ਼ ਵੀ ਕੀਤੀ। ਵੀਡੀਓ 'ਚ ਜਹਾਜ਼ ਨੂੰ ਅੱਗ ਲੱਗਣ ਤੋਂ ਬਾਅਦ ਉਸ ਨੂੰ ਹਵਾਈ ਮਾਰਗ ਬਦਲਦੇ ਵੀ ਵੇਖਿਆ ਜਾ ਸਕਦਾ ਹੈ। ਹਾਲਾਂਕਿ, ਹਵਾਈ ਜਹਾਜ਼ ਕੁਝ ਦੇਰ ਬਾਅਦ ਕ੍ਰੈਸ਼ ਹੋ ਗਿਆ।



ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖੁਫੀਆ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਯੂਕ੍ਰੇਨ ਏਅਰ ਲਾਈਨ ਦਾ ਜਹਾਜ਼ ਤਹਿਰਾਨ ਤੋਂ ਟੇਕਆਫ ਤੋਂ ਤੁਰੰਤ ਬਾਅਦ ਇੱਕ ਜ਼ਮੀਨੀ ਏਅਰ ਮਿਜ਼ਾਈਲ ਨਾਲ ਟਕਰਾ ਗਿਆ। ਰਿਪੋਰਟਰਾਂ ਨਾਲ ਗੱਲਬਾਤ ਦੌਰਾਨ ਟਰੂਡੋ ਨੇ ਕਿਹਾ - ਇਹ ਸ਼ਾਇਦ ਜਾਣਬੁੱਝ ਕੇ ਨਾ ਕੀਤਾ ਗਿਆ ਹੋਵੇ, ਪਰ ਕੈਨੇਡੀਅਨ ਨਾਗਰਿਕਾਂ ਦੇ ਕੁਝ ਪ੍ਰਸ਼ਨ ਹਨ ਤੇ ਉਨ੍ਹਾਂ ਨੂੰ ਜਵਾਬ ਦੇਣਾ ਜ਼ਰੂਰੀ ਹੈ।



ਦੂਜੇ ਪਾਸੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀ ਕਿਹਾ ਕਿ ਇਸ ਗੱਲ ਦੇ ਸਬੂਤ ਮਿਲਦੇ ਹਨ ਕਿ ਇਰਾਨ ਤੋਂ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਤੋਂ ਬਾਅਦ ਯੂਕ੍ਰੇਨ ਏਅਰ ਲਾਈਨ ਦਾ ਜਹਾਜ਼ ਡਿੱਗ ਗਿਆ। ਉਨ੍ਹਾਂ ਕਿਹਾ, “ਇਹ ਗਲਤੀ ਨਾਲ ਹੋਇਆ ਹੋ ਸਕਦਾ ਹੈ ਪਰ ਬ੍ਰਿਟੇਨ ਪੱਛਮੀ ਏਸ਼ੀਆ 'ਚ ਤਣਾਅ ਦੂਰ ਕਰਨ ਲਈ ਸਾਰੀਆਂ ਪਾਰਟੀਆਂ ਨੂੰ ਲਗਾਤਾਰ ਅਪੀਲ ਕਰਦਾ ਹੈ।”






ਇਰਾਨ ਨੇ ਕੈਨੇਡਾ ਤੇ ਬ੍ਰਿਟੇਨ ਦੇ ਇਸ ਦਾਅਵੇ 'ਤੇ ਸਬੂਤ ਮੰਗੇ ਹਨ। ਇਰਾਨ ਦੀ ਸਰਕਾਰ ਨੇ ਕਿਹਾ ਕਿ ਜਹਾਜ਼ ਨਾਲ ਮਿਜ਼ਾਈਲ ਟਕਰਾਉਣ ਦੀ ਗੱਲ ਬੇਤੁਕੀ ਹੈ ਕਿਉਂਕਿ ਉਸ ਸਮੇਂ ਹੋਰ ਵੀ ਬਹੁਤ ਸਾਰੇ ਘਰੇਲੂ ਤੇ ਅੰਤਰਰਾਸ਼ਟਰੀ ਹਵਾਈ ਜਹਾਜ਼ ਇੱਕੋ ਹਵਾਈ ਖੇਤਰ 'ਚ ਉਡਾਣ ਭਰ ਰਹੇ ਸੀ।



ਇਸ ਦੌਰਾਨ ਯੂਐਸ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (ਐਨਟੀਐਸਬੀ) ਨੇ ਕਿਹਾ ਕਿ ਜਹਾਜ਼ ਦੇ ਹਾਦਸੇ ਦੀ ਜਾਂਚ ਲਈ ਇਰਾਨ ਤੋਂ ਨੋਟੀਫਿਕੇਸ਼ਨ ਮਿਲਿਆ ਹੈ। ਐਨਟੀਐਸਬੀ ਨੇ ਕਿਹਾ ਕਿ ਉਹ ਇਸ ਹਾਦਸੇ ਦੀ ਜਾਂਚ ਲਈ ਜਲਦੀ ਹੀ ਆਪਣੇ ਇੱਕ ਅਧਿਕਾਰੀ ਨੂੰ ਭੇਜ ਦੇਵੇਗਾ। ਅਜੇ ਹਾਦਸੇ ਦੇ ਕਾਰਨਾਂ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।