ਸੰਗਰੂਰ: ਨਗਰ ਕੌਂਸਲ ਚੋਣਾਂ ਨੂੰ ਲੈ ਕੇ ਚੋਣ ਜ਼ਾਬਤਾ ਲਾਗੂ ਹੋ ਚੁੱਕਿਆ ਹੈ, ਪਰ ਇਸ ਦਰਮਿਆਨ ਉਮੀਦਵਾਰਾਂ ਵੱਲੋਂ ਪ੍ਰਸ਼ਾਸਨ 'ਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਜਾ ਰਹੇ ਹਨ। ਲਹਿਰਾਗਾਗਾ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਐਸਡੀਐਮ ਦਫਤਰ ਜਾ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਇਲਜ਼ਾਮ ਹੈ ਕਿ ਸਰਕਾਰ ਦੇ ਇਸ਼ਾਰੇ 'ਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਪ੍ਰਸ਼ਾਸਨ ਵਾਰਡਾਂ ਵਿੱਚ ਅਦਲਾ-ਬਦਲੀ ਕਰ ਰਿਹਾ ਹੈ। ਉਮੀਦਵਾਰਾਂ ਦਾ ਕਹਿਣਾ ਹੈ ਕਿ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਐਸਡੀਐਮ ਵੱਲੋਂ ਵੋਟਾਂ ਨੂੰ ਬਣਾਇਆ, ਬਦਲਿਆ ਅਤੇ ਕੱਟਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਇਹ ਸਭ ਸੱਤਾ ਧਿਰ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਕੀਤਾ ਜਾ ਰਿਹਾ ਹੈ, ਜੋ ਸਰਾਸਰ ਗਲਤ ਹੈ। ਉਨ੍ਹਾਂ ਚੋਣ ਕਮਿਸ਼ਨ ਦੇ ਦਖਲ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਪਰ ਹੁਣ ਵੋਟਾਂ ਨੂੰ ਵੱਖ-ਵੱਖ ਵਾਰਡਾਂ ਵਿੱਚ ਬਦਲਿਆ ਜਾ ਰਿਹਾ ਹੈ। ਉਮੀਦਵਾਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਆਪਣੇ ਸਾਇਨ ਕਰ ਵੋਟਰ ਸੂਚੀ ਸਾਨੂੰ ਦੇਣੀ ਚਾਹੀਦੀ ਹੈ ਤੇ ਇਨ੍ਹਾਂ ਵਿੱਚ ਬਦਲਾਅ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਵਾਰਡਾਂ ਵਿੱਚ ਕਾਂਗਰਸ ਦੇ ਉਮੀਦਵਾਰਾਂ ਦੇ ਕਹਿਣ 'ਤੇ ਵਿਕਾਸ ਕਾਰਜ ਹੁਣ ਵੀ ਚਲਾਏ ਜਾ ਰਹੇ ਹਨ। ਇਹ ਤੁਰੰਤ ਬੰਦ ਹੋਣੇ ਚਾਹੀਦੇ ਹਨ। ਇਹ ਇੱਕ ਤਰ੍ਹਾਂ ਦਾ ਵੋਟਰਾਂ ਨੂੰ ਲਾਲਚ ਹੈ। ਉਥੇ ਹੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਵੋਟਾਂ ਵਿੱਚ ਸੁਧਾਰ ਦਾ ਕੰਮ ਇਲੈਕਸ਼ਨ ਕਮਿਸ਼ਨ ਦੀ ਹਦਾਇਤ ਦੇ ਅਨੁਸਾਰ ਹੀ ਕੀਤਾ ਜਾ ਰਿਹਾ ਹੈ। ਇਲੈਕਸ਼ਨ ਕਮੀਸ਼ਨ ਨੇ ਸਮਾਂ ਦਿੱਤਾ ਹੈ, ਉਸ ਅਨੁਸਾਰ ਹੀ ਕੰਮ ਕੀਤੇ ਜਾ ਰਹੇ ਹਨ। ਜੇਕਰ ਕੋਈ ਅਧਿਕਾਰੀ ਗਲਤ ਕੰਮ ਕਰਦਾ ਹੈ ਤਾਂ ਉਸ ਦੀ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਨੂੰ ਕੀਤੀ ਜਾਵੇਗੀ।