ਚੰਡੀਗੜ੍ਹ: ਪੰਜਾਬ ਦੀ ਵਜ਼ਾਰਤ ਵਿੱਚ ਪਿਛਲੇ ਦਿਨੀਂ ਕੀਤੇ ਵੱਡੀ ਰੱਦੋਬਦਲ ਵਿੱਚ ਸਭ ਤੋਂ ਕਰਾਰਾ ਝਟਕਾ ਖਾਣ ਵਾਲੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਗਿਲੇ ਸ਼ਿਕਵੇ ਦੂਰ ਹੋ ਗਏ ਹਨ। ਅਜਿਹੇ ਵਿੱਚ ਸੋਨੀ ਨੇ ਅੱਜ ਆਪਣੇ ਨਵੇਂ ਮੈਡੀਕਲ ਸਿੱਖਿਆ ਤੇ ਆਜ਼ਾਦੀ ਘੁਲਾਟੀਏ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲ ਸਕਦੇ ਹਨ। ਇਸ ਰੱਦੋਬਦਲ ਤੋਂ ਨਾਰਾਜ਼ ਹੋਏ ਨਵਜੋਤ ਸਿੱਧੂ ਬਾਰੇ ਹਾਲੇ ਉਹੀ ਹਾਲਤ ਬਰਕਰਾਰ ਹੈ।

ਸਿੱਧੂ ਨੇ ਤਾਂ ਮੀਡੀਆ ਤੇ ਸਰਕਾਰ ਤੋਂ ਦੂਰੀ ਬਣਾਈ ਹੋਈ ਹੈ। ਉਨ੍ਹਾਂ ਸਿਰਫ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਤੋਂ ਹੀ ਆਸ ਹੈ। ਵਿਭਾਗ ਬਦਲਣ ਤੋਂ ਚਾਰ ਦਿਨ ਬਾਅਦ ਸਿੱਧੂ ਨੇ ਰਾਹੁਲ ਨਾਲ ਮੁਲਾਕਾਤ ਕੀਤੀ ਸੀ। ਰਾਹੁਲ ਨੇ ਕੈਪਟਨ ਤੇ ਸਿੱਧੂ ਦਰਮਿਆਨ ਜਾਰੀ ਵਿਵਾਦ ਸੁਲਝਾਉਣ ਲਈ ਪਾਰਟੀ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਦੀ ਜ਼ਿੰਮੇਵਾਰੀ ਲਾ ਦਿੱਤੀ ਪਰ ਤਕਰੀਬਨ ਦੋ ਹਫ਼ਤਿਆਂ ਬਾਅਦ ਵੀ ਇਸ ਦਾ ਕੋਈ ਹੱਲ ਨਹੀਂ ਨਿੱਕਲਿਆ। ਹਾਲਾਂਕਿ, ਬੀਤੇ ਕੱਲ੍ਹ ਸਿੱਧੂ ਦੇ ਸਾਥੀ ਮੰਤਰੀ ਸੁਖਜਿੰਦਰ ਰੰਧਾਵਾ ਨੇ ਇਸ਼ਾਰਾ ਕੀਤਾ ਸੀ ਕਿ ਸਿੱਧੂ ਕਾਂਗਰਸ ਪਰਿਵਾਰ ਦਾ ਹਿੱਸਾ ਹਨ ਤੇ ਜਲਦ ਹੀ ਮਾਮਲਾ ਸੁਲਝ ਜਾਵੇਗਾ।

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਨਵਜੋਤ ਸਿੱਧੂ ਵੱਲੋਂ ਦਿੱਤੇ ਬਿਆਨਾਂ ਕਰਕੇ ਕੈਪਟਨ ਕਾਫੀ ਖ਼ਫ਼ਾ ਸਨ। ਕੈਪਟਨ ਦੀ ਨਾਰਾਜ਼ਗੀ ਨਤੀਜਿਆਂ ਦੇ ਐਲਾਨ ਵਾਲੇ ਦਿਨ ਖੁੱਲ੍ਹ ਕੇ ਸਾਹਮਣੇ ਆਈ। ਇਸ ਤੋਂ ਕੁਝ ਦਿਨਾਂ ਉਪਰੰਤ ਕੈਪਟਨ ਨੇ ਆਪਣੇ 13 ਮੰਤਰੀਆਂ ਦੇ ਵਿਭਾਗ ਬਦਲ ਦਿੱਤੇ। ਇਸ ਰੱਦੋਬਦਲ ਵਿੱਚ ਸਿੱਧੂ ਨੂੰ ਸਥਾਨਕ ਸਰਕਾਰਾਂ ਬਾਰੇ ਤੇ ਸੈਰ ਸਪਾਟਾ ਮੰਤਰੀ ਦੀ ਬਜਾਏ ਬਿਜਲੀ ਤੇ ਨਵਿਆਉਣਯੋਗ ਊਰਜਾ ਮੰਤਰੀ ਬਣਾ ਦਿੱਤਾ ਸੀ। ਬਾਕੀ ਮੰਤਰੀਆਂ ਨੇ ਆਪਣੇ ਨਵੇਂ ਵਿਭਾਗ ਸੰਭਾਲ ਲਏ ਹਨ ਪਰ ਨਵਜੋਤ ਸਿੱਧੂ ਤੇ ਓਪੀ ਸੋਨੀ ਨੇ ਆਪਣੇ ਨਵੇਂ ਵਿਭਾਗ ਦੀ ਜ਼ਿੰਮੇਵਾਰੀ ਨਹੀਂ ਸੰਭਾਲੀ ਸੀ।