ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਕਲੇਸ਼ ਬਾਰੇ ਅੱਜ ਅਹਿਮ ਫੈਸਲਾ ਹੋਏਗਾ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਕੇ ਅੰਤਿਮ ਫੈਸਲਾ ਲੈਣਗੇ। ਸੂਤਰਾਂ ਮੁਤਾਬਕ ਹਾਈਕਮਾਨ ਮੀਟਿੰਗਾਂ ਦੇ ਲੰਬੇ ਦੌਰ ਮਗਰੋਂ ਸਾਬਕਾ ਮੰਤਰੀ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਵਿਚਾਲੇ ਰੇੜਕਾ ਖਤਮ ਕਰਨ ਲਈ ‘ਪੰਜਾਬ ਫ਼ਾਰਮੂਲਾ’ ਤਿਆਰ ਕਰ ਲਿਆ ਹੈ। ਇਸ ਫਾਰਮੂਲੇ ਨੂੰ ਲਾਗੂ ਕਰਨ ਤੋਂ ਪਹਿਲਾਂ ਹਾਈਕਮਾਨ ਕੈਪਟਨ ਦੀ ਸਹਿਮਤੀ ਲੈਣਾ ਚਾਹੰਦੀ ਹੈ। ਇਸੇ ਲਈ ਕੈਪਟਨ ਨੂੰ ਅੱਜ ਦਿੱਲੀ ਬੁਲਾਇਆ ਹੈ।


ਇਹ ਵੀ ਚਰਚਾ ਹੈ ਕਿ ਕਾਂਗਰਸ ਹਾਈਕਮਾਨ ਨੇ ਨਵਜੋਤ ਸਿੱਧੂ ਨੂੰ ਵੀ ਦਿੱਲੀ ਸੱਦ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਦੋਵਾਂ ਲੀਡਰਾਂ ਵਿਚਾਲੇ ਤਾਲਮੇਲ ਬੈਠਾ ਕੇ ਕਾਂਗਰਸ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ ਤੇਜ਼ ਕਰਨਾ ਚਾਹੁੰਦੀ ਹੈ। ਸੂਤਰਾਂ ਮੁਤਾਬਕ ਹਾਈਕਮਾਨ ਨੇ ਨਵਜੋਤ ਸਿੱਧੂ ਨੂੰ ਨਵੀਂ ਪੇਸ਼ਕਸ਼ ਦੇ ਕੇ ਰਾਜੀ ਕਰ ਲਿਆ ਹੈ ਜਿਸ ਉੱਪਰ ਅੱਜ ਕੈਪਟਨ ਦੀ ਹਾਮੀ ਲਈ ਜਾਣੀ ਹੈ।

ਇਹ ਵੀ ਅਹਿਮ ਹੈ ਕਿ ਪੰਜਾਬ ਕਾਂਗਰਸ ਦਾ ਵਿਵਾਦ ਉੱਠਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਦੀ ਗਾਂਧੀ ਪਰਿਵਾਰ ਨਾਲ ਇਹ ਪਹਿਲੀ ਮੀਟਿੰਗ ਹੋਵੇਗੀ। ਉਂਜ, ਉਹ ਖੜਗੇ ਕਮੇਟੀ ਨੂੰ ਦੋ ਵਾਰ ਦਿੱਲੀ ਵਿੱਚ ਮਿਲ ਚੁੱਕੇ ਹਨ। ਪਿਛਲੀ ਵਾਰ ਉਹ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਨੂੰ ਮਿਲੇ ਬਗੈਰ ਹੀ ਪੰਜਾਬ ਪਰਤ ਆਏ ਸੀ। ਇਹ ਵੀ ਚਰਚਾ ਸੀ ਕਿ ਕੈਪਟਨ ਵਾਰ-ਵਾਰ ਦਿੱਲੀ ਬੁਲਾਉਣ ਤੋਂ ਖਫਾ ਸਨ। ਇਸ ਲਈ ਅੱਜ ਆਖਰੀ ਫੈਸਲਾ ਹੋ ਸਕਦਾ ਹੈ।

ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ‘ਪੰਜਾਬ ਫ਼ਾਰਮੂਲੇ’ ਰਾਹੀਂ ਕੈਪਟਨ ਅਮਰਿੰਦਰ ਸਿੰਘ ਦੀ ਨਬਜ਼ ਵੀ ਟੋਹਣਗੇ। ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵੱਲੋਂ ਨਵਜੋਤ ਸਿੱਧੂ ਨੂੰ ਜੋ ਪੇਸ਼ਕਸ਼ ਕੀਤੀ ਗਈ ਹੈ, ਉਸ ਬਾਰੇ ਸੋਨੀਆ ਗਾਂਧੀ ਮੀਟਿੰਗ ਦੌਰਾਨ ਅਮਰਿੰਦਰ ਸਿੰਘ ਦੀ ਰਾਏ ਵੀ ਲੈਣਗੇ। ਜੇਕਰ ਕੈਪਟਨ ਸਹਿਮਤੀ ਦਿੰਦੇ ਹਨ ਤਾਂ ਉਸ ਮਗਰੋਂ ਹਾਈਕਮਾਨ ਅਗਲਾ ਕਦਮ ਚੁੱਕੇਗੀ। ਇਸ ਮਗਰੋਂ ਹੀ ਹਾਈਕਮਾਨ ਨਵਜੋਤ ਸਿੱਧੂ ਨਾਲ ਅਗਲੀ ਗੱਲਬਾਤ ਸਾਂਝੀ ਕਰੇਗੀ।