‘ਆਪ' ਵੱਲੋਂ ਸ਼ਰਾਬ ਦੇ ਠੇਕੇ ਖੋਲ੍ਹਣ ਲਈ ਇਜਾਜ਼ਤ ਮੰਗਣ ਦਾ ਵਿਰੋਧ
ਏਬੀਪੀ ਸਾਂਝਾ | 22 Apr 2020 09:15 PM (IST)
ਚੀਮਾ ਨੇ ਕਿਹਾ ਕਿ ਸ਼ਰਾਬ ਮਾਫ਼ੀਆ ਪਹਿਲਾਂ ਵੀ ਸਰਕਾਰੀ ਖ਼ਜ਼ਾਨੇ 'ਤੇ ਭਾਰੀ ਸੀ, ਜੇਕਰ ਲੌਕਡਾਊਨ ਦੌਰਾਨ ਠੇਕੇ ਖੁੱਲਣ ਦੀ ਇਜਾਜ਼ਤ ਮਿਲ ਜਾਂਦੀ ਹੈ ਤਾਂ ਵੀ ਵਿੱਤੀ ਫ਼ਾਇਦਾ ਸਰਕਾਰ ਦਾ ਨਹੀਂ ਸ਼ਰਾਬ ਮਾਫ਼ੀਆ ਦਾ ਹੀ ਹੋਵੇਗਾ।
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਲੌਕਡਾਊਨ (ਕਰਫ਼ਿਊ) ਦੌਰਾਨ ਸੂਬੇ ਅੰਦਰ ਸ਼ਰਾਬ ਦੇ ਠੇਕੇ ਖੋਲੇ ਜਾਣ ਸਬੰਧੀ ਲਿਆਂਦੀ ਤਜਵੀਜ਼ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਚੀਮਾ ਮੁਤਾਬਕ ਅਜਿਹੇ ਹਲਾਤਾਂ ‘ਚ ਠੇਕੇ ਖੁੱਲਣ ‘ਤੇ ਸਿਰਫ਼ ਸ਼ਰਾਬ ਮਾਫ਼ੀਆ ਨੂੰ ਫਾਈਦਾ ਹੋਵੇਗਾ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਜਿਹੇ ਮਾਹੌਲ ‘ਚ ਠੇਕਿਆਂ ਦਾ ਖੁੱਲਣਾ ਸਮਾਜਿਕ ਅਤੇ ਨੈਤਿਕ ਪੱਧਰ ‘ਤੇ ਪੂਰੀ ਤਰ੍ਹਾਂ ਗ਼ਲਤ ਹੋਵੇਗਾ। ਇਸ ਲਈ ਕੈਪਟਨ ਸਰਕਾਰ ਵੱਲੋਂ ਕੇਂਦਰ ਸਰਕਾਰ ਕੋਲੋਂ ਠੇਕੇ ਖੋਲੇ ਜਾਣ ਸਬੰਧੀ ਇਜਾਜ਼ਤ ਪੰਜਾਬ ਸਰਕਾਰ ਨੂੰ ਵਾਪਸ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ‘ਚ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਇਜਾਜ਼ਤ ਨਹੀਂ ਦੇਣੀ ਚਾਹਿਦੀ। ਚੀਮਾ ਨੇ ਕਿਹਾ ਕਿ ਬੇਸ਼ੱਕ ਪੰਜਾਬ ਸਰਕਾਰ ਸਰਕਾਰੀ ਮਾਲੀਆ (ਰੈਵੀਨਿਊ) ਦਾ ਹਵਾਲਾ ਦੇ ਕੇ ਮਨਜ਼ੂਰੀ ਮੰਗ ਰਹੀ ਹੈ, ਪਰ ਅਸਲ 'ਚ ਕੈਪਟਨ ਸਰਕਾਰ ਨੂੰ ਆਪਣੇ ਚਹੇਤਿਆਂ ਵੱਲੋਂ ਚਲਾਏ ਜਾਂਦੇ ਸ਼ਰਾਬ ਮਾਫ਼ੀਆ ਦੀ ਫ਼ਿਕਰ ਸਤਾ ਰਹੀ ਹੈ। ਚੀਮਾ ਨੇ ਕਿਹਾ ਕਿ ਸਾਨੂੰ ਇਹ ਕਹਿਣ ‘ਚ ਰੱਤੀ ਭਰ ਵੀ ਗੁਰੇਜ਼ ਨਹੀਂ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਖ਼ਾਸਮਖ਼ਾਸ ਸ਼ਰਾਬ ਫ਼ੈਕਟਰੀਆਂ ਦੇ ਮਾਲਕ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਅਜਿਹੇ ਫੈਸਲੇ ਸਾਬਿਤ ਕਰਦੇ ਹਨ ਕਿ ਸਰਕਾਰ ਨੂੰ ਗਰੀਬਾਂ, ਲੋੜਵੰਦਾਂ ਦੇ ਰਾਸ਼ਨ, ਮੰਡੀਆਂ ‘ਚ ਰੁਲ ਰਹੇ ਕਿਸਾਨਾਂ-ਮਜਦੂਰਾਂ-ਆੜ੍ਹਤੀਆਂ ਅਤੇ ਕੋਰੋਨਾਵਾਇਰਸ ਨਾਲ ਸਿੱਧੀ ਲੜਾਈ ਲੜ ਰਹੇ ਡਾਕਟਰਾਂ, ਨਰਸਾਂ, ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਐਂਬੂਲੈਂਸ ਡਰਾਈਵਰਾਂ, ਪੈਰਾ ਮੈਡੀਕਲ ਸਟਾਫ਼ ਅਤੇ ਦਿਨ ਰਾਤ ਡਿਊਟੀ ਕਰ ਰਹੇ ਪੁਲਿਸ ਪ੍ਰਸ਼ਾਸਨ ਅਤੇ ਬਿਜਲੀ ਮਹਿਕਮੇ ਦੇ ਸਟਾਫ਼ ਦੀ ਥਾਂ ਸ਼ਰਾਬ ਮਾਫੀਆ ਦੀ ਜਿਆਦਾ ਫਿਕਰ ਹੈ।