ਪਵਨਪ੍ਰੀਤ ਕੌਰ


ਚੰਡੀਗੜ੍ਹ: ਘਰ-ਘਰ ਰੁਜ਼ਗਾਰ ਦਾ ਵਾਅਦਾ ਕਰਨ ਵਾਲੀ ਕੈਪਟਨ ਸਰਕਾਰ ਹਰ ਘਰ ਰੁਜ਼ਗਾਰ ਤਾਂ ਨਹੀਂ ਪਹੁੰਚਾ ਸਕੀ। ਪਰ ਹੁਣ ਸ਼ਰਾਬ ਹਰ ਘਰ ਮੰਗਵਾਈ ਜਾ ਸਕਦੀ ਹੈ। ਪੰਜਾਬ ‘ਚ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ। ਅਜਿਹੇ ‘ਚ ਕੈਪਟਨ ਦਿਨ-ਬ-ਦਿਨ ਕਰਫਿਊ ‘ਚ ਢਿੱਲ ਨੂੰ ਵਧਾ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ 2 ਮਈ ਨੂੰ ਹੋਈ ਕੈਬਨਿਟ ਦੀ ਬੈਠਕ ਦੌਰਾਨ ਕਰਫਿਊ ‘ਚ ਢਿੱਲ ਦੇਣ ਦਾ ਸਮਾਂ ਬਦਲਦਿਆਂ ਦੁਕਾਨਾਂ ਨੂੰ ਸਵੇਰੇ 9 ਵਜੇ ਤੋਂ 1 ਵਜੇ ਤੱਕ ਖੁੱਲੀ ਰਹਿਣ ਦੀ ਆਗਿਆ ਦਿੱਤੀ ਗਈ ਸੀ।

ਪੰਜਾਬ ‘ਚ ਚੱਲ ਰਹੇ ਕਰਫਿਊ ਦੌਰਾਨ ਦੁਕਾਨਾਂ ਖੋਲ੍ਹਣ ਸਮੇਂ ਇੱਕ ਤਬਦੀਲੀ ਆਈ ਹੈ। ਬੁੱਧਵਾਰ ਨੂੰ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਨਿਰਦੇਸ਼ ਅਨੁਸਾਰ ਦੁਕਾਨਾਂ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤਕ ਖੁੱਲ੍ਹਣਗੀਆਂ। ਹਾਲਾਂਕਿ, ਬੈਂਕਾਂ ਦਾ ਕੰਮ ਕਰਨ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ। ਇਸ ਤੋਂ ਇਲਾਵਾ ਵੀਰਵਾਰ ਤੋਂ ਸ਼ਰਾਬ ਦੀ ਹੋਮ ਡਿਲੀਵਰੀ ਵੀ ਸੰਭਵ ਹੋ ਸਕੇਗੀ। ਇਸ ਤੋਂ ਪਹਿਲਾਂ ਸਰਕਾਰ ਨੇ ਕਰਫਿਊ ‘ਚ ਢਿੱਲ ਦਾ ਸਮਾਂ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਨਿਰਧਾਰਤ ਕੀਤਾ ਸੀ।

ਤਕਰੀਬਨ ਇਕ ਹਫ਼ਤੇ ਦੇ ਜ਼ਬਰਦਸਤ ਮੰਥਨ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਬੇ ‘ਚ ਸ਼ਰਾਬ ਵੇਚਣ ਦੀ ਆਗਿਆ ਦੇ ਦਿੱਤੀ ਹੈ। ਦੇਸੀ ਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ 7 ਮਈ ਯਾਨੀ ਅੱਜ ਤੋਂ ਸੂਬੇ ‘ਚ ਖੁੱਲ੍ਹਣਗੇ, ਪਰ ਕਰਫਿਊ ‘ਚ ਢਿੱਲ ਦੇ ਸਮੇਂ ਹੀ ਖੁੱਲ੍ਹਣਗੇ। ਹਾਲਾਂਕਿ, ਇਕ ਹੋਰ ਫੈਸਲਾ ਲੈਂਦੇ ਹੋਏ ਸਰਕਾਰ ਨੇ ਠੇਕੇਦਾਰਾਂ ਨੂੰ ਸ਼ਰਾਬ ਦੀ ਹੋਮ ਡਿਲੀਵਰੀ ਕਰਨ ਦੇ ਆਦੇਸ਼ ਵੀ ਦਿੱਤੇ ਹਨ।

ਇਹ ਹੋਮ ਡਿਲੀਵਰੀ ਕਰਫਿਊ ‘ਚ ਢਿੱਲ ਦੀ ਮਿਆਦ ਤੋਂ ਬਾਅਦ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਆਬਕਾਰੀ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ‘ਚ ਕਿਹਾ ਗਿਆ ਹੈ ਕਿ ਹੋਮ ਡਿਲੀਵਰੀ ਦਾ ਫੈਸਲਾ ਸ਼ਰਾਬ ਦੀਆਂ ਦੁਕਾਨਾਂ ‘ਤੇ ਭੀੜ ਨੂੰ ਰੋਕਣ ਦੇ ਉਦੇਸ਼ ਨਾਲ ਲਿਆ ਗਿਆ ਹੈ ਅਤੇ ਇਹ ਫੈਸਲਾ ਰਾਜ ‘ਚ ਕਰਫਿਊ ਤੇ ਲੌਕਡਾਊਨ ਜਾਰੀ ਰਹਿਣ ਤੱਕ ਲਾਗੂ ਰਹੇਗਾ।