ਮੁਕਤਸਰ ਸਾਹਿਬ: ਪੰਜਾਬ ਸਰਕਾਰ ਵੱਲੋਂ ਕੋਰੋਨਾ 'ਤੇ ਕਾਬੂ ਪਾਉਣ ਲਈ ਸ਼ੁਰੂ ਕੀਤਾ ਮਿਸ਼ਨ ਫਤਹਿ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਸ੍ਰੀ ਮੁਕਤਸਰ ਸਾਹਿਬ ਵਿਖੇ ਫਤਿਹ ਕੋਰੋਨਾ ਕਿਟਾਂ ਸਿਰਫ 30 ਪ੍ਰਤੀਸ਼ਤ ਪੌਜ਼ੇਟਿਵ ਲੋਕਾਂ ਤਕ ਹੀ ਪਹੁੰਚੀਆਂ ਹਨ। 3790 ਦੇ ਕਰੀਬ ਫਤਹਿ ਕਿੱਟਾਂ ਮੁਕਤਸਰ ਸਿਵਲ ਹਸਪਤਾਲ ਪਹੁੰਚੀਆਂ।
ਸਰਕਾਰ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਜੋ ਮਰੀਜ਼ ਪੌਜ਼ੇਟਿਵ ਆ ਰਹੇ ਹਨ, ਉਨ੍ਹਾਂ ਤਕ ਫਤਹਿ ਕੋਰੋਨਾ ਕਿੱਟ ਪਹੁੰਚੇਗੀ ਜਿਸ ਰਾਹੀਂ ਉਨ੍ਹਾਂ ਦੀ ਸੰਭਾਲ ਵੀ ਹੋਵੇਗੀ। ਇਸ ਫਤਹਿ ਕੋਰੋਨਾ ਕਿੱਟ 'ਚ ਪੌਜ਼ੇਟਿਵ ਮਰੀਜ਼ ਦੀ ਜ਼ਰੂਰਤ ਦਾ ਸਾਰਾ ਸਾਮਾਨ ਹੋਵੇਗਾ ਪਰ ਜੇਕਰ ਦੇਖਿਆ ਜਾਵੇ ਤਾਂ ਹੁਣ ਤਕ ਕੋਰੋਨਾ ਦੇ ਪੌਜ਼ੇਟਿਵ 30 ਪ੍ਰਤੀਸ਼ਤ ਮਰੀਜ਼ਾਂ ਤਕ ਹੀ ਇਹ ਫਤਹਿ ਕਿੱਟ ਪਹੁੰਚੀ ਹੈ। ਹੁਣ ਸ੍ਰੀ ਮੁਕਤਸਰ ਸਾਹਿਬ ਵਿਖੇ ਮਹਿਜ਼ 10 ਕਿੱਟਾਂ ਸਟੋਰ 'ਚ ਹਨ। ਇੱਥੇ ਰੋਜ਼ਾਨਾ 200 ਤੋਂ 300 ਮਰੀਜ਼ ਪੌਜ਼ੇਟਿਵ ਆ ਰਹੇ ਹਨ।
ਉਧਰ ਜਦੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਸਿਵਲ ਸਰਜਨ ਡਾ. ਰੰਜੂ ਸਿੰਗਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ 3790 ਦੇ ਕਰੀਬ ਫਤਹਿ ਕੋਰੋਨਾ ਕਿੱਟਾਂ ਮਿਲੀਆਂ ਸੀ ਜਿਨ੍ਹਾਂ ਵਿੱਚੋਂ 3726 ਫਤਹਿ ਕੋਰੋਨਾ ਕਿੱਟਾਂ ਕੋਰੋਨਾ ਮਰੀਜ਼ਾਂ ਨੂੰ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕੋਲ ਸਟੋਰ ਵਿੱਚ ਕੇਵਲ ਹੁਣ 10 ਕਿੱਟਾਂ ਹੀ ਮੌਜੂਦ ਹਨ।
ਦੱਸ ਦਈਏ ਕਿ ਪੰਜਾਬ ਵਿੱਚ ਕੋਰੋਨਾਵਾਇਰਸ ਦਾ ਵੱਡਾ ਵਿਸਫੋਟ ਹੋਇਆ ਹੈ। ਸੂਬੇ ਵਿੱਚ ਪਹਿਲੀ ਵਾਰ ਨਵੇਂ ਕੇਸਾਂ ਦਾ ਅੰਕੜਾ ਨੌਂ ਹਜ਼ਾਰ ਨੂੰ ਟੱਪਿਆ ਹੈ। ਸ਼ਨੀਵਾਰ ਨੂੰ 9100 ਨਵੇਂ ਪੌਜ਼ੇਟਿਵ ਕੇਸ ਆਏ ਤੇ 171 ਲੋਕਾਂ ਦੀ ਮੌਤ ਹੋਈ ਹੈ। ਕਰੋਨਾ ਕਾਰਨ ਹੁਣ ਤੱਕ ਸੂਬੇ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 10315 ਹੋ ਗਈ ਹੈ।
ਸਿਹਤ ਵਿਭਾਗ ਅਨੁਸਾਰ ਸੂਬੇ ਵਿੱਚ ਸ਼ਨੀਵਾਰ ਨੂੰ 9100 ਨਵੇਂ ਪਾਜ਼ੇਟਿਵ ਕੇਸ ਆਏ ਹਨ ਜਦਕਿ 6647 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਹੁਣ ਰਾਜ ਵਿੱਚ 71,948 ਐਕਟਿਵ ਕੇਸ ਹਨ। 9086 ਮਰੀਜ਼ਾਂ ਦਾ ਆਕਸੀਜਨ ਰਾਹੀਂ ਤੇ 288 ਦਾ ਵੈਂਟੀਲੇਟਰ ਰਾਹੀਂ ਇਲਾਜ ਹੋ ਰਿਹਾ ਹੈ।
ਸਿਹਤ ਵਿਭਾਗ ਅਨੁਸਾਰ ਸ਼ਨੀਵਾਰ ਲੁਧਿਆਣਾ ’ਚ 19, ਬਠਿੰਡਾ ਤੇ ਮੁਕਤਸਰ ’ਚ 17-17, ਅੰਮ੍ਰਿਤਸਰ ਤੇ ਪਟਿਆਲਾ ’ਚ 13-13, ਜਲੰਧਰ ਤੇ ਸੰਗਰੂਰ ’ਚ 11-11, ਮੁਹਾਲੀ ਤੇ ਪਠਾਨਕੋਟ ’ਚ 10-10, ਫਾਜ਼ਿਲਕਾ ’ਚ 9, ਹੁਸ਼ਿਆਰਪੁਰ ਤੇ ਤਰਨ ਤਾਰਨ ’ਚ 7-7, ਗੁਰਦਾਸਪੁਰ ’ਚ 5, ਕਪੂਰਥਲਾ ਤੇ ਰੂਪਨਗਰ ’ਚ 4-4, ਫ਼ਿਰੋਜ਼ਪੁਰ, ਨਵਾਂ ਸ਼ਹਿਰ, ਫ਼ਤਹਿਗੜ੍ਹ ਸਾਹਿਬ ਤੇ ਮਾਨਸਾ ’ਚ 3-3 ਤੇ ਬਰਨਾਲਾ ਤੇ ਫ਼ਰੀਦਕੋਟ ’ਚ 1-1 ਮਰੀਜ਼ ਦੀ ਮੌਤ ਹੋਈ ਹੈ।