ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਹਰ ਰੋਜ਼ ਰਿਕਾਰਡ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰਾਲੇ ਨੇ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ। 


 


ਕੋਵਿਡ ਸਿਹਤ ਸਹੂਲਤ ਜਾਂ ਹਸਪਤਾਲ 'ਚ ਐਡਮਿਟ ਹੋਣ ਲਈ ਹੁਣ ਕੋਵਿਡ ਪੌਜ਼ੇਟਿਵ ਰਿਪੋਰਟ ਲਾਜ਼ਮੀ ਨਹੀਂ ਹੈ। ਇਹ ਫੈਸਲਾ ਉਨ੍ਹਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ ਜਿਨ੍ਹਾਂ 'ਚ ਲੱਛਣ ਹਨ ਪਰ ਰਿਪੋਰਟ ਨਹੀਂ ਆਈ ਜਾਂ ਆਰਟੀਪੀਸੀਆਰ 'ਚ ਨੈਗੇਟਿਵ ਹੈ, ਪਰ ਸਿਟੀ ਸਕੈਨ 'ਚ ਇਨਫੈਕਸ਼ਨ ਮਿਲਦੀ ਹੈ। 


 


ਕੇਂਦਰੀ ਸਿਹਤ ਮੰਤਰਾਲੇ ਨੇ ਕੋਰੋਨਾ ਮਰੀਜ਼ਾਂ ਦੇ ਹਸਪਤਾਲ ਵਿੱਚ ਭਰਤੀ ਕਰਨ ਲਈ ਕੌਮੀ ਨੀਤੀ ਨੂੰ ਬਦਲ ਦਿੱਤਾ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਤਿੰਨ ਦਿਨਾਂ ਦੇ ਅੰਦਰ ਅੰਦਰ ਇਨ੍ਹਾਂ ਨਵੇਂ ਦਿਸ਼ਾ ਨਿਰਦੇਸ਼ਾਂ ਨੂੰ ਸ਼ਾਮਲ ਕਰਨ ਲਈ ਜ਼ਰੂਰੀ ਆਦੇਸ਼ ਜਾਰੀ ਕਰਨ।