ਭਗਵੰਤ ਮਾਨ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸੰਕਟ ਤੇ ਚੁਣੌਤੀ ਭਰੇ ਵਕਤ ‘ਚ ਆਪਣੇ ਕਿਹੜੇ ‘ਫਾਰਮ ਹਾਊਸ’ ‘ਚ ਤਮਾਸ਼ਬੀਨ ਬਣੇ ਬੈਠੇ ਹਨ? ਸਥਿਤੀ ਸਪੱਸ਼ਟ ਕਰਨ ਲਈ ਮੁੱਖ ਮੰਤਰੀ ਆਪਣੀ ‘ਲੋਕੇਸ਼ਨ’ ਜਨਤਕ ਕਰਨ।
ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਬਾਦਲਾਂ ਵਾਂਗ ਕੈਪਟਨ ਅਮਰਿੰਦਰ ਸਿੰਘ ਦੇ ਕੁਸ਼ਾਸਨ 'ਚ ਬਹੁਭਾਂਤੀ ਮਾਫ਼ੀਆ ਪੰਜਾਬ ਤੇ ਪੰਜਾਬੀਆਂ ਨੂੰ ਦੋਵੇਂ ਹੱਥੀ ਲੁੱਟ ਰਹੀ ਹੈ। ਵਿਰੋਧੀ ਧਿਰ ਦਾ ਫ਼ਰਜ਼ ਨਿਭਾਉਂਦੇ ਹੋਏ ਅਸੀਂ ਸਿਆਸਤਦਾਨਾਂ ਤੇ ਅਫ਼ਸਰਾਂ ਦੀਆਂ ਹਿੱਸੇਦਾਰੀਆਂ ਨਾਲ ਚੱਲ ਰਹੇ ਤਮਾਮ ਤਰ੍ਹਾਂ ਦੇ ਮਾਫ਼ੀਏ ਵਿਰੁੱਧ ਧੜੱਲੇ ਨਾਲ ਬੋਲਦੇ ਆ ਰਹੇ ਹਾਂ, ਤਾਂ ਕਿ ਲੋਕ ਸੁਚੇਤ ਤੇ ਸਰਕਾਰਾਂ ਸੰਭਲ ਜਾਣ।
ਮੈਨੂੰ ਹੈਰਾਨੀ ਅਤੇ ਅਚੰਭਾ ਇਸ ਗੱਲ ਦਾ ਹੈ ਕਿ ਪੰਜਾਬ ਦੀ ਸ਼ਰੇਆਮ ਹੁੰਦੀ ਆ ਰਹੀ ਲੁੱਟ ਬਾਰੇ ਮੰਤਰੀ ਸਹਿਬਾਨਾਂ ਦਾ ਹੁਣ ਅਚਾਨਕ ਦਰਦ ਕਿਵੇਂ ਜਾਗ ਆਇਆ ਹੈ? ਰੇਤ, ਬੱਜ਼ਰੀ, ਟਰਾਂਸਪੋਰਟ, ਲੈਂਡ ਆਦਿ ਮਾਫ਼ੀਆ ਕਾਰਨ ਖ਼ਜ਼ਾਨੇ ਨੂੰ ਲੱਗ ਰਹੀ ਅਰਬਾਂ ਰੁਪਏ ਦੀ ਚਪਤ ਵਿਰੁੱਧ ਵਜ਼ੀਰ ਸਾਹਿਬਾਨ ਹੁਣ ਤੱਕ ਕਿਉਂ ਚੁੱਪ ਰਹੇ ਹਨ? ਸਿੰਚਾਈ ਘੁਟਾਲੇ 'ਚ ਵੱਡੇ-ਵੱਡੇ ਅਫ਼ਸਰਾਂ ਦੇ ਨਾਮ ਵੱਜੇ ਸਨ, ਉਦੋਂ ਕੋਈ ਮੰਤਰੀ ਕਿਉਂ ਨਹੀਂ ਬੋਲਿਆ। ਬਿਜਲੀ ਮਾਫ਼ੀਆ, ਸ਼ਰਾਬ ਮਾਫ਼ੀਆ ਨਾਲੋਂ ਵੀ ਵੱਡੀ ਲੁੱਟ ਹੈ, ਉਸ ਖ਼ਿਲਾਫ਼ ਮੰਤਰੀ ਸਾਹਿਬਾਨ ਨੇ ਕੋਈ ਇੱਕਜੁੱਟ ਸਖ਼ਤ ਸਟੈਂਡ ਕਿਉਂ ਨਹੀਂ ਲਿਆ?- ਭਗਵੰਤ ਮਾਨ
ਇੰਨਾ ਹੀ ਨਹੀਂ ‘ਆਪ’ ਸੰਸਦ ਨੇ ਮੰਗ ਕੀਤੀ ਕਿ ਪੰਜਾਬ ਨੂੰ ਮਾਫ਼ੀਆ ਮੁਕਤ ਕਰਕੇ ਵਿੱਤੀ ਤੌਰ ‘ਤੇ ਉਭਾਰਨ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਮੌਜੂਦਾ ਸਥਿਤੀ ਦਾ ਖੁਦ-ਬ-ਖੁਦ ਨੋਟਿਸ ਲਵੇ ਤੇ ਖ਼ਜ਼ਾਨੇ ਦੀ ਹੋ ਰਹੀ ਲੁੱਟ ਦੀ ਹਾਈਕੋਰਟ ਦੇ ਮੌਜੂਦਾ ਜੱਜਾਂ ਕੋਲੋਂ ਸਮਾਂਬੱਧ ਜਾਂਚ ਕਰਵਾਏ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904