ਨਵੀਂ ਦਿੱਲੀ: ਕੋਰੋਨਾ ਵੈਕਸੀਨ ਦਾ ਟੀਕਾਕਰਨ ਸਨਿੱਚਰਵਾਰ, 16 ਜਨਵਰੀ ਤੋਂ ਸ਼ੁਰੂ ਹੋਣ ਵਾਲਾ ਹੈ। ਵੈਕਸੀਨ ਦੀ ਪਹਿਲੀ ਖੇਪ ਆਪਣੇ ਟਿਕਾਣਿਆਂ ’ਤੇ ਪੁੱਜ ਚੁੱਕੀ ਹੈ। ਇਸ ਦੌਰਾਨ ਸਾਈਬਰ ਅਪਰਾਧੀ ਵੀ ਐਕਟਿਵ ਹੋ ਗਏ ਹਨ। ਉਹ ਆਮ ਲੋਕਾਂ ਦੇ ਮੋਬਾਈਲ ਫ਼ੋਨਾਂ ਉੱਤੇ ਕੋਰੋਨਾ ਵੈਕਸੀਨ ਦੀ ਰਜਿਸਟ੍ਰੇਸ਼ਨ ਲਈ ਲਿੰਕ ਭੇਜ ਕੇ ਠੱਗੀਆਂ ਮਾਰ ਰਹੇ ਹਨ। ਜੇ ਤੁਹਾਡੇ ਮੋਬਾਈਲ ’ਤੇ ਅਜਿਹਾ ਕੋਈ ਲਿੰਕ ਆਵੇ, ਤਾਂ ਤੁਹਾਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ। ਇਸ ਲਿੰਕ ਉੱਤੇ ਇੱਕ ਕਲਿੱਕ ਕਰਦਿਆਂ ਹੀ ਤੁਹਾਡੇ ਖਾਤੇ ਵਿੱਚੋਂ ਪੂਰਾ ਪੈਸਾ ਨਿਕਲ ਜਾਵੇਗਾ।


ਪਿਛਲੇ ਕੁਝ ਦਿਨਾਂ ਤੋਂ ਅਜਿਹੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਪੁਲਿਸ ਹੁਣ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਦਿੱਲੀ ਲਾਗਲੇ ਉੱਤਰ ਪ੍ਰਦੇਸ਼ ਦੇ ਨਗਰ ਨੌਇਡਾ ’ਚ ਰਹਿੰਦੇ ਕਈ ਲੋਕਾਂ ਦੇ ਮੋਬਾਈਲ ਫ਼ੋਨ ਉੱਤੇ ਅਜਿਹੇ ਲਿੰਕ ਆ ਚੁੱਕੇ ਹਨ। ਇਸ ਲਿੰਕ ਉੱਤੇ ਲਿਖਿਆ ਹੁੰਦਾ ਹੈ ਕਿ ਜੇ ਤੁਸੀਂ ਇਸ ਲਿੰਕ ਉੱਤੇ ਕਲਿੱਕ ਕਰੋਗੇ, ਤਦ ਹੀ ਤੁਹਾਡੀ ਕੋਰੋਨਾ ਵੈਕਸੀਨ ਰਜਿਸਟ੍ਰੇਸ਼ਨ ਮੁਕੰਮਲ ਹੋਵੇਗੀ।




ਅਪਰਾਧੀ ਕੋਰੋਨਾ ਵੈਕਸੀਨ ਲਵਾਉਣ ਦਾ ਲਾਲਚ ਦੇ ਕੇ ਮੋਬਾਈਲ ਉੱਤੇ ਮੈਸੇਜ ਨਾਲ ਇੱਕ ਓਟੀਪੀ ਭੇਜਣ ਦੀ ਗੱਲ ਆਖਦੇ ਹਨ। ਇਸ ਤੋਂ ਬਾਅਦ ਰਜਿਸਟ੍ਰੇਸ਼ਨ ਲਈ ਤੁਹਾਡੇ ਤੋਂ OTP ਨੰਬਰ ਮੰਗਦੇ ਹਨ। ਤੁਸੀਂ ਜਿਵੇਂ ਹੀ ਉਹ ਨੰਬਰ ਸਾਈਬਰ ਮੁਜਰਮਾਂ ਨੂੰ ਦੱਸਦੇ ਹੋ, ਤਾਂ ਤੁਹਾਡੇ ਬੈਂਕ ਖਾਤੇ ’ਚੋਂ ਪੈਸੇ ਕੱਢ ਲਏ ਜਾਂਦੇ ਹਨ।


ਸਰਕਾਰ ਵੱਲੋਂ ਇੰਝ ਮੋਬਾਈਲ ਉੱਤੇ ਕਾੱਲ ਜਾਂ ਐਸਐਮਐਸ ਭੇਜ ਕੇ ਕੋਵਿਡ ਵੈਕਸੀਨ ਦੀ ਕੋਈ ਰਜਿਸਟ੍ਰੇਸ਼ਨ ਨਹੀਂ ਕੀਤੀ ਜਾ ਰਹੀ। ਵ੍ਹਟਸਐਪ ਜਾਂ ਸੋਸ਼ਲ ਮੀਡੀਆ ਉੱਤੇ ਕਿਤੇ ਵੀ ਅਜਿਹੇ ਕਿਸੇ ਮੈਸੇਜ ਉੱਤੇ ਕੋਈ ਜਾਣਕਾਰੀ ਨਾ ਦੇਵੋ। ਕਿਸੇ ਨੂੰ ਕੋਈ ਓਟੀਪੀ ਨਾ ਦੇਵੋ।