ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਦੇ ਲੱਖਾਂ ਵਿਦਿਆਰਥੀ 10ਵੀਂ ਤੇ 12ਵੀਂ ਬੋਰਡ ਦੇ ਪ੍ਰੀਖਿਆ ਨਤੀਜੇ 2021 ਦੇ ਐਲਾਨ ਦੀ ਉਡੀਕ ਵਿੱਚ ਹਨ। ਤਾਜ਼ਾ ਅਪਡੇਟ ਅਨੁਸਾਰ ਸੀਬੀਐਸਈ ਕਲਾਸ ਦੇ 10ਵੀਂ ਤੇ 12ਵੀਂ ਦੇ ਨਤੀਜੇ 31 ਜੁਲਾਈ, 2021 ਤੱਕ ਐਲਾਨ ਦਿੱਤੇ ਜਾਣਗੇ। ਨਤੀਜੇ ਐਲਾਨੇ ਜਾਣ ਤੋਂ ਬਾਅਦ ਇਸ ਨੂੰ ਸੀਬੀਐਸਈ ਦੀ ਅਧਿਕਾਰਤ ਵੈੱਬਸਾਈਟ cbse.nic.in 'ਤੇ ਵੇਖਿਆ ਜਾ ਸਕਦਾ ਹੈ।

 

ਇਸ ਸਾਲ ਸੀਬੀਐਸਈ ਕਲਾਸ 10 ਤੇ 12 ਦੀਆਂ ਬੋਰਡ ਪ੍ਰੀਖਿਆਵਾਂ ਕੋਵਿਡ-19 ਮਹਾਂਮਾਰੀ ਕਾਰਨ ਰੱਦ ਕਰ ਦਿੱਤੀਆਂ ਗਈਆਂ ਸਨ। ਵਿਦਿਆਰਥੀਆਂ ਦਾ ਮੁਲਾਂਕਣ ਵਿਕਲਪ ਵਿਧੀ (ਇਵੈਲਿਯੂਏਸ਼ਨ ਆਲਟਰਨੇਟਿਵ ਅਸੈੱਸਮੈਂਟ ਮੈਥਡ) ਦੇ ਅਧਾਰ ’ਤੇ ਕੀਤਾ ਜਾਣਾ ਹੈ।

 

ਸੀਬੀਐਸਈ 12 ਵੀਂ ਕਲਾਸ ਮੁਲਾਂਕਣ ਮਾਪਦੰਡ
ਸੀਬੀਐਸਈ ਨੇ ਸਕੂਲਾਂ ਨੂੰ ਨਿਰਦੇਸ਼ ਦਿੱਤੇ ਸਨ ਕਿ ਸਕੂਲ ਪ੍ਰਿੰਸੀਪਲ ਦੀ ਪ੍ਰਧਾਨਗੀ ਹੇਠ ਪੰਜ ਮੈਂਬਰੀ ਨਤੀਜਾ ਕਮੇਟੀ ਬਣਾਈ ਜਾਵੇ। ਕਮੇਟੀ ਸੀਬੀਐਸਈ 12ਵੀਂ ਦੀ ਪ੍ਰੀਖਿਆ 2021 ਦੇ ਨਤੀਜੇ ਪਹਿਲਾਂ ਤੋਂ ਨਿਸ਼ਚਤ ਮਾਰਕਿੰਗ ਸਕੀਮ ਦੇ ਅਧਾਰ ਤੇ ਤਿਆਰ ਕਰੇਗੀ ਅਤੇ ਨਤੀਜਾ ਸੀਬੀਐਸਈ ਦੀ ਅਧਿਕਾਰਤ ਵੈਬਸਾਈਟ ਉੱਤੇ ਆਈਟੀ ਟੀਮਾਂ ਦੀ ਸਹਾਇਤਾ ਨਾਲ ਅਪਲੋਡ ਕਰੇਗੀ। ਜਿਸ ਤੋਂ ਬਾਅਦ ਨਤੀਜਾ 31 ਜੁਲਾਈ ਤੱਕ ਜਾਰੀ ਕੀਤਾ ਜਾਵੇਗਾ।

 

ਸੀਬੀਐਸਈ ਕਲਾਸ 12 ਬੋਰਡ ਦੀ ਪ੍ਰੀਖਿਆ 2021 ਦੇ ਨਤੀਜੇ ਮੁਲਾਂਕਣ ਲਈ, ਸੀਬੀਐਸਈ ਨੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਨੂੰ ਵੱਧ ਤੋਂ ਵੱਧ ਵੇਟੇਜ ਦੇਣ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਵਿੱਚ ਪ੍ਰੀ-ਬੋਰਡ, ਯੂਨਿਟ ਟੈਸਟ ਜਾਂ ਮਿਡ-ਟਰਮ ਸ਼ਾਮਲ ਹਨ। ਇਸ ਦੇ 80 ਅੰਕ ਹੋਣਗੇ। ਇਸ ਦੇ ਨਾਲ ਸੀਬੀਐਸਈ ਨੇ ਵਿਹਾਰਕ (ਪ੍ਰੈਕਟੀਕਲ) ਪ੍ਰੀਖਿਆ ਲਈ 20 ਅੰਕ ਅਲਾਟ ਕੀਤੇ ਹਨ। ਵਿਹਾਰਕ ਅੰਕਾਂ ਨੂੰ ਉਨ੍ਹਾਂ ਵਿਸ਼ਿਆਂ ਦੇ ਅਨੁਸਾਰ ਬਦਲਿਆ ਜਾਵੇਗਾ ਜਿਸ ਵਿੱਚ ਥਿਓਰੀ ਲਈ 70 ਅੰਕ ਦਿੱਤੇ ਗਏ ਹਨ। ਇਹ ਧਿਆਨ ਦੇਣ ਯੋਗ ਹੈ ਕਿ ਸੀਬੀਐਸਈ ਇਸ ਸਾਲ ਕੋਈ ਵੀ ਮੈਰਿਟ ਸੂਚੀ ਜਾਰੀ ਨਹੀਂ ਕਰੇਗਾ।

 

ਸੀਬੀਐਸਈ 10 ਵੀਂ ਕਲਾਸ ਮੁਲਾਂਕਣ ਮਾਪਦੰਡ
ਸੀਬੀਐਸਈ ਕਲਾਸ 10 ਦੇ ਅੰਕਾਂ ਦੀ ਗਿਣਤੀ ਕੁੱਲ 100 ਅੰਕਾਂ ਲਈ ਕੀਤੀ ਜਾਵੇਗੀ, ਜਿਨ੍ਹਾਂ ਵਿਚੋਂ 20 ਅੰਕ ਅੰਦਰੂਨੀ ਮੁਲਾਂਕਣ ਉੱਤੇ ਅਧਾਰਤ ਹੋਣਗੇ ਅਤੇ 80 ਅੰਕ ਪੂਰੇ ਸਾਲ ਦੌਰਾਨ ਸਕੂਲ ਦੁਆਰਾ ਲਈਆਂ ਵੱਖ-ਵੱਖ ਪ੍ਰੀਖਿਆਵਾਂ ਵਿਚ ਉਨ੍ਹਾਂ ਦੀ ਕਾਰਗੁਜ਼ਾਰੀ ਉੱਤੇ ਅਧਾਰਤ ਹੋਣਗੇ।

 

80 ਅੰਕਾਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਵੇਗਾ ਜਿਸ ਵਿਚ 10 ਅੰਕ ਪੀਰੀਓਡਿਕ/ਯੂਨਿਟ ਟੈਸਟ ਲਈ, ਛਮਾਹੀ/ਮੱਧਕਾਲੀ ਪ੍ਰੀਖਿਆ ਲਈ 30 ਅੰਕ ਤੇ ਪ੍ਰੀ-ਬੋਰਡ ਪ੍ਰੀਖਿਆ ਲਈ 40 ਅੰਕ ਸ਼ਾਮਲ ਹਨ।

 

ਜਿਹੜੇ ਵਿਦਿਆਰਥੀ ਆਪਣੇ ਨੰਬਰਾਂ ਤੋਂ ਸੰਤੁਸ਼ਟ ਨਹੀਂ ਹੋਣਗੇ ਉਨ੍ਹਾਂ ਨੂੰ ਮਹਾਂਮਾਰੀ ਦੀ ਸਥਿਤੀ ਆਮ ਹੋਣ ਤੋਂ ਬਾਅਦ ਲਿਖਤੀ ਇਮਤਿਹਾਨ ਵਿੱਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਜਾਏਗੀ।

 

ਸੀਬੀਐਸਈ 2021-22 ਵਿਸ਼ੇਸ਼ ਮੁਲਾਂਕਣ ਸਕੀਮ
ਗ਼ੌਰਤਲਬ ਹੈ ਕਿ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਹਾਲ ਹੀ ਵਿੱਚ 2021-22 ਸੈਸ਼ਨ ਲਈ 10ਵੀਂ ਤੇ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਲਈ ਵਿਸ਼ੇਸ਼ ਮੁਲਾਂਕਣ ਯੋਜਨਾ ਦਾ ਐਲਾਨ ਕੀਤਾ ਹੈ। ਨਵੇਂ ਮਾਪਦੰਡਾਂ ਅਨੁਸਾਰ ਵਿਦਿਅਕ ਸਾਲ 2021-22 ਦੇ ਸਿਲੇਬਸ ਨੂੰ ਦੋ ਟਰਮਾਂ ਵਿੱਚ ਵੰਡਿਆ ਜਾਵੇਗਾ। ਹਰ ਮਿਆਦ ਵਿਚ 50% ਸਿਲੇਬਸ ਕਵਰ ਕੀਤੇ ਜਾਣਗੇ। ਸੀਬੀਐਸਈ ਦੀ ਪਹਿਲੀ ਟਰਮ ਦੀ ਪ੍ਰੀਖਿਆ ਨਵੰਬਰ-ਦਸੰਬਰ ਵਿਚ ਆਯੋਜਿਤ ਕੀਤੀ ਜਾਏਗੀ, ਜਦੋਂਕਿ ਦੂਜੀ ਟਰਮ ਦੀ ਪ੍ਰੀਖਿਆ ਮਾਰਚ-ਅਪ੍ਰੈਲ ਵਿਚ ਲਈ ਜਾਏਗੀ।


Education Loan Information:

Calculate Education Loan EMI