ਚੰਡੀਗੜ੍ਹ: ਪਹਿਲਾਂ ਕੋਰੋਨਾਵਾਇਰਸ ਤੇ ਹੁਣ ਬਰਡ ਫ਼ਲੂ ਦੇ ਝਟਕੇ ਕਾਰਨ ਪੋਲਟਰੀ ਉਤਪਾਦਾਂ ਦੀਆਂ ਕੀਮਤਾਂ ਕਾਫ਼ੀ ਹੇਠਾਂ ਆ ਗਈਆਂ ਹਨ; ਜਿਸ ਕਾਰਨ ਇਸ ਉਦਯੋਗ ਨੂੰ ਡਾਢਾ ਨੁਕਸਾਨ ਹੋਇਆ ਹੈ। ਦੇਸ਼ ਦੇ ਕਈ ਰਾਜਾਂ ਵਿੱਚ ਬਰਡ ਫ਼ਲੂ ਫੈਲਣ ਕਾਰਣ ਚਿਕਨ, ਆਂਡਿਆਂ ਤੇ ਹੋਰ ਪੋਲਟਰੀ ਉਤਪਾਦਾਂ ਦੀ ਵਿਕਰੀ ਬਹੁਤ ਜ਼ਿਆਦਾ ਘਟ ਗਈ ਹੈ। ਦੂਜੇ ਰਾਜਾਂ ਤੋਂ ਚਿਕਨ ਲਿਆਉਣ ’ਤੇ ਲੱਗੀ ਪਾਬੰਦੀ ਕਾਰਨ ਉੱਤਰੀ ਭਾਰਤ ਦੀ ਚਿਕਨ ਮਾਰਕਿਟ ਨੂੰ ਵੱਡਾ ਨੁਕਸਾਨ ਪੁੱਜਾ ਹੈ।


ਉਦਯੋਗ ਦਾ ਇੱਕ ਵਫ਼ਦ ਛੇਤੀ ਹੀ ਇਸ ਸੰਕਟ ਦੇ ਮਾਮਲੇ ’ਤੇ ਸਰਕਾਰ ਨਾਲ ਮੁਲਾਕਾਤ ਕਰੇਗਾ। ਉੱਤਰੀ ਭਾਰਤ ’ਚ ਹਾਲੇ ਤੱਕ ਬਰਡ ਫ਼ਲੂ ਦੇ ਮਾਮਲੇ ਹਰਿਆਣਾ ’ਚ ਮਿਲੇ ਹਨ। ਇੱਥੇ ਇਹ ਬੀਮਾਰੀ ਸਿਰਫ਼ ਜੰਗਲੀ ਪੰਛੀਆਂ ਤੇ ਪ੍ਰਵਾਸੀ ਪੰਛੀਆਂ ’ਚ ਦਿਸੀ ਹੈ।




ਨਵੇਂ ਸਾਲ 2021 ਦੇ ਅਰੰਭ ’ਚ ਹੀ ਬਰਡ ਫ਼ਲੂ ਦਾ ਡਰ ਕੁਝ ਇਸ ਤਰੀਕੇ ਫੈਲਿਆ ਹੈ ਕਿ ਚਿਕਨ ਤੇ ਚਿਕਨ ਉਤਪਾਦਾਂ ਦੀ ਮੰਗ 20 ਫ਼ੀਸਦੀ ਤੱਕ ਘਟ ਗਈ ਹੈ। ਪੋਲਟਰੀ ਫ਼ੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਰਮੇਸ਼ ਖੱਤਰੀ ਅਨੁਸਾਰ ਉੱਤਰੀ ਭਾਰਤ ਦੇ ਰਾਜਾਂ ਵਿੱਚ ਪਿਛਲੇ ਤਿੰਨ-ਚਾਰ ਦਿਨਾਂ ਦੌਰਾਨ ਹੀ ਚਿਕਨ ਦੀ ਵਿਕਰੀ 70 ਤੋਂ 80 ਫ਼ੀਸਦੀ ਤੱਕ ਘਟ ਗਈ ਹੈ। ਚਿਕਨ ਦੀਆਂ ਕੀਮਤਾਂ ਵਿੱਚ 50 ਫ਼ੀਸਦੀ ਕਮੀ ਦਰਜ ਹੋਈ ਹੈ।


ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਤੇ ਜੰਮੂ-ਕਸ਼ਮੀਰ ਦੇ ਚਿਕਨ ਦੀ ਟ੍ਰਾਂਸਪੋਰਟਿੰਗ ਰੁਕ ਜਾਣ ਨਾਲ ਮੰਗ ਘਟ ਗਈ ਹੈ। ਹਰਿਆਣਾ ਦੇ ਜਿਹੜੇ ਫ਼ਾਰਮਾਂ ’ਚ ਬਰਡ ਫ਼ਲੂ ਦੇ ਮਾਮਲੇ ਆਏ ਹਨ, ਉਹ ਦੋਵੇਂ ਲੇਅਰ ਫ਼ਾਰਮ ਹਨ, ਬ੍ਰਾਇਲਰ ਨਹੀਂ। ਲੇਅਰ ਫ਼ਾਰਮ ’ਚ ਸਿਰਫ਼ ਆਂਡਿਆਂ ਦੀ ਪੋਲਟਰੀ ਫ਼ਾਰਮਿੰਗ ਹੁੰਦੀ ਹੈ; ਜਦ ਕਿ ਬ੍ਰਾਇਲਰ ਫ਼ਾਰਮਿੰਗ ’ਚ ਚਿਕਨ ਮੀਟ ਲਈ ਪੋਲਰੀ ਫ਼ਾਰਮਿੰਗ ਕੀਤੀ ਜਾਂਦੀ ਹੈ।