ਚੰਡੀਗੜ੍ਹ/ਰਾਂਚੀ: ਦੇਸ਼ 'ਚ ਭੁੱਖਮਰੀ ਨਾਲ ਆਏ ਦਿਨ ਕਿਸੇ ਨਾ ਕਿਸੇ ਗਰੀਬ ਪਰਿਵਾਰ ਦੇ ਬੱਚੇ ਦੀ ਮੌਤ ਦੀ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ। ਇਸ ਦਰਮਿਆਨ ਦੁਮਕਾ ਜ਼ਿਲ੍ਹੇ ਦੇ ਇੱਕ ਆਦਿਵਾਸੀ ਪਰਿਵਾਰ ਦੀ ਬੱਚੀ ਦੀ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਉਹ ਗੋਭੀ ਦੇ ਸੁੱਕੇ ਪੱਤੇ ਉਬਾਲ ਕੇ ਚੌਲਾਂ ਨਾਲ ਖਾ ਰਹੀ ਹੈ। ਇਹ ਫੋਟੋ ਦੇਖ ਕੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਨਾਰਾਜ਼ਗੀ ਜਤਾਈ ਹੈ।

ਸੀਐਮ ਨੇ ਕਿਹਾ ਕਿ ਇਹ ਸਾਡੇ ਤੇ ਦੁਮਕਾ ਜ਼ਿਲ੍ਹਾ ਪ੍ਰਸ਼ਾਸਨ ਲਈ ਬਹੁਤ ਹੀ ਸ਼ਰਮ ਦੀ ਗੱਲ ਹੈ। ਕਲੈਕਟਰ ਨੂੰ ਜਲਦ ਤੋਂ ਜਲਦ ਰਾਹਤ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਸੀਐਮ ਦੇ ਨਿਰਦੇਸ਼ਾਂ ਤੋਂ ਬਾਅਦ ਪਰਿਵਾਰ ਨੂੰ ਰਾਸ਼ਨ ਕਾਰਡ ਸਮੇਤ ਰਾਸ਼ਨ ਵੀ ਮੁਹੱਈਆ ਕਰਵਾਇਆ ਗਿਆ ਹੈ।


ਜਰਮੁੰਡੀ ਪ੍ਰਖੰਡ ਦੇ ਸਮਲਾਪੁਰ ਪਿੰਡ 'ਚ 70 ਸਾਲਾ ਬਜ਼ੁਰਗ ਚੁੜਕੀ ਮੁਰਮੂਰ ਦੇ ਪਰਿਵਾਰ 'ਚ ਕੋਈ ਵੀ ਆਦਮੀ ਨਹੀਂ ਹੈ। ਚੁੜਕੀ ਦੀ ਧੀ ਆਪਣੀ ਬੱਚੀ ਨਾਲ ਪੇਕੇ ਰਹਿੰਦੀ ਹੈ। ਇਸ ਸਾਲ ਪਰਿਵਾਰ ਨੂਮ ਰਾਸ਼ਨ ਨਹੀਂ ਮਿਲਿਆ। ਚੁੜਕੀ ਨੂੰ ਪੈਨਸ਼ਨ ਮਿਲਦੀ ਹੈ, ਜਿਸ ਨਾਲ ਘਰ ਦਾ ਗੁਜ਼ਾਰਾ ਹੀ ਮੁਸ਼ਕਲ ਨਾਲ ਹੁੰਦਾ ਹੈ।

ਚੌਲਾਂ ਦਾ ਜੁਗਾੜ ਤਾਂ ਹੋ ਜਾਂਦਾ ਹੈ, ਪਰ ਦਾਲ ਸਬਜ਼ੀ ਨਹੀਂ ਮਿਲ ਪਾਉਂਦੀ। ਇਹ ਪਰਿਵਾਰ ਗੋਭੀ ਦੇ ਪੱਤੇ ਸੁਕਾ ਕੇ ਰੱਖਦਾ ਹੈ ਤੇ ਇਸ ਨੂੰ ਉਬਾਲ ਕੇ ਨਮਕ ਨਾਲ ਭਾਤ 'ਚ ਮਿਲਾ ਕੇ ਭੁੱਖ ਮਿਟਾਉਂਦਾ ਹੈ। ਭਾਰਤ 'ਚ ਅਜਿਹੇ ਬਹੁਤ ਸਾਰੇ ਗਰੀਬ ਪਰਿਵਾਰ ਹਨ ਜੋ ਇਸ ਤਰ੍ਹਾਂ ਜੁਗਾੜ ਕਰ ਕੇ ਆਪਣਾ ਢਿੱਡ ਭਰਦੇ ਹਨ। ਕੁਝ ਤਾਂ ਅਜਿਹੇ ਵੀ ਹਨ ਜੋ ਭੁੱਖੇ ਢਿੱਡ ਸੌਣ ਨੂੰ ਮਜਬੂਰ ਹਨ, ਪਰ ਸਰਕਾਰ ਵੱਲੋਂ ਉਨ੍ਹਾਂ ਵੱਲ ਕਿੰਨਾਂ ਕੁ ਧਿਆਨ ਦਿੱਤਾ ਜਾਂਦਾ ਹੈ ਇਹ ਸਭ ਦੇ ਸਾਹਮਣੇ ਹੈ।