ਚੰਡੀਗੜ੍ਹ: ਦਹਾਕਾ ਪਹਿਲਾਂ ਦੇਸ਼ 'ਚ ਹੋ ਰਹੀ ਰਸਾਇਣਕ ਖਾਦਾਂ ਦੀ ਵਰਤੋਂ ਵਿੱਚ ਪੰਜਾਬ ਦੇ ਕਿਸਾਨ ਵੀ ਅੱਗੇ ਸੀ। ਇਨ੍ਹਾਂ ਖਾਦਾਂ ਦੀ ਜ਼ਿਆਦਾ ਵਰਤੋਂ ਕਾਰਨ ਸੂਬੇ 'ਚ ਫਸਲਾਂ ਦਾ ਝਾੜ ਵਧਿਆ ਪਰ ਮਿੱਟੀ ਵਿੱਚ ਮੌਜੂਦ ਕੁਦਰਤੀ ਤੱਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਅਜਿਹੀ ਸਥਿਤੀ ਵਿੱਚ ਰਸਾਇਣਕ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਨੂੰ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਮਿੱਟੀ ਦੀ ਪਰਖ ਲਈ ਮੁਹਿੰਮ ਚਲਾਈ ਗਈ ਸੀ। ਇਸ ਦੇ ਸਕਾਰਾਤਮਕ ਨਤੀਜੇ ਪੰਜਾਬ ਵਿੱਚ ਵੀ ਵੇਖਣ ਨੂੰ ਮਿਲੇ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਨੇ ਵੀ ਸਾਲਾਂ ਤੋਂ ਕਿਸਾਨਾਂ ਨੂੰ ਆਪਣੀ ਮਿੱਟੀ ਦੀ ਪਰਖ ਕਰਵਾਉਣ ਲਈ ਲਗਾਤਾਰ ਉਤਸ਼ਾਹਤ ਕੀਤਾ ਹੈ। ਪੀਏਯੂ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਅਧਿਕਾਰੀਆਂ ਅਨੁਸਾਰ ਪਿਛਲੇ ਪੰਜ ਸਾਲਾਂ 'ਚ ਸੂਬੇ 'ਚ ਰਸਾਇਣਕ ਖਾਦਾਂ ਦੀ ਖਪਤ ਵਿੱਚ ਕਮੀ ਆਈ ਹੈ। ਪ੍ਰਤੀ ਹੈਕਟੇਅਰ ਦੀ ਗੱਲ ਕਰੀਏ ਤਾਂ ਨਾਈਟ੍ਰੋਜਨ, ਫਾਸਫੋਰਸ ਤੇ ਪੋਟਾਸ਼ ਦੀ ਔਸਤਨ ਖਪਤ 247 ਕਿਲੋਗ੍ਰਾਮ ਸੀ ਜੋ ਹੁਣ ਘਟ ਕੇ 228 ਕਿਲੋ ਹੋ ਗਈ ਹੈ।
ਅੰਕੜਿਆਂ ਮੁਤਾਬਕ ਸਾਲ 2018-19 'ਚ ਰਸਾਇਣਕ ਖਾਦਾਂ ਦੀ ਵਰਤੋਂ ਵਿੱਚ ਕਾਫ਼ੀ ਕਮੀ ਆਈ ਹੈ। ਸਾਲ 2015-16 ਵਿੱਚ ਕੇਂਦਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ 'ਚ ਕਿਹਾ ਗਿਆ ਸੀ ਕਿ ਭਾਰਤ 'ਚ ਬਣੀਆਂ ਸਾਰੀਆਂ ਨਾਈਟ੍ਰੋਜਨ ਖਾਦ ਨਿੰਮ ਯੁਕਤ ਹੋਣਗੀਆਂ। ਉਸ ਸਮੇਂ ਤੋਂ ਪੰਜਾਬ ਵਿਚ ਨਾਈਟ੍ਰੋਜਨ ਦੀ ਖਪਤ 1447 ਹਜ਼ਾਰ ਟਨ ਤੋਂ ਘੱਟ ਕੇ 1434 ਹਜ਼ਾਰ ਟਨ ਰਹਿ ਗਈ ਹੈ। ਪੀਏਯੂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਸਮੇਂ ਪੰਜਾਬ 'ਚ ਮਿੱਟੀ ਦੀ ਪਰਖ ਲਈ 66 ਪ੍ਰਯੋਗਸ਼ਾਲਾਵਾਂ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਓਪੀ ਚੌਧਰੀ ਅਨੁਸਾਰ ਮਿੱਟੀ ਪਰਖ ਦੇ ਨਤੀਜੇ ਵਧੀਆ ਹਨ। ਕਿਸਾਨ ਹੁਣ ਜਾਗਰੂਕ ਹੋ ਗਏ ਹਨ। ਬਹੁਤੇ ਕਿਸਾਨਾਂ ਨੇ ਆਪਣੀ ਮਿੱਟੀ ਦੀ ਪਰਖ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਰਸਾਇਣਕ ਖਾਦਾਂ ਦੀ ਵਰਤੋਂ ਘਟ ਗਈ ਹੈ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਡਾਇਰੈਕਟਰ ਡਾ. ਸਵਤੰਤਰ ਕੁਮਾਰ ਅਰੀ ਦਾ ਕਹਿਣਾ ਹੈ ਕਿ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਖਾਦ ਦੀ ਲੋੜ ਮੁਤਾਬਕ ਵਰਤੋਂ ਕਰਨ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸਦੇ ਨਾਲ ਹੀ ਇੱਕ ਏਜੰਸੀ ਦੀ ਮਦਦ ਨਾਲ ਆਪਣੇ ਪੱਧਰ 'ਤੇ ਪੰਜਾਬ ਵਿੱਚ ਥਾਂ-ਥਾਂ ਮਿੱਟੀ ਦੇ ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਸਾਲ ਦੌਰਾਨ ਪੰਜਾਬ 'ਚ ਤਕਰੀਬਨ 23 ਲੱਖ 40 ਹਜ਼ਾਰ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਉਸ ਪੜਤਾਲ ਦੇ ਅਨੁਸਾਰ, ਪਿੰਡਾਂ 'ਚ ਉਪਜਾਊ ਸ਼ਕਤੀ ਦੇ ਨਕਸ਼ੇ ਲਗਾਏ ਗਏ ਹਨ, ਜਿਸ ਨਾਲ ਹਰੇਕ ਪਿੰਡ ਦੀ ਮਿੱਟੀ ਦੀ ਸਥਿਤੀ ਬਾਰੇ ਜਾਣਕਾਰੀ ਮਿਲਦੀ ਹੈ।