ਖੰਨਾ: ਨੇੜਲੇ ਪਿੰਡ ਬਾਹੋਮਾਜਰਾ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਤਿੰਨ ਅਵਾਰਾ ਕੁੱਤਿਆਂ ਨੇ 4 ਸਾਲ ਦੇ ਬੱਚੇ ਨੂੰ ਬੁਰੀ ਤਰ੍ਹਾਂ ਨੋਚ ਸੁੱਟਿਆ। ਬੁਰੀ ਤਰ੍ਹਾਂ ਨਾਲ ਜ਼ਖਮੀ ਬੱਚੇ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੇ ਮਾਂ ਦੀ ਗੋਦ 'ਚ ਤੜਪ-ਤੜਪ ਕੇ ਦਮ ਤੋੜ ਦਿੱਤਾ। ਬੱਚੇ ਦੇ ਪਿਤਾ ਨੇ ਦੱਸਿਆ ਕਿ ਉਹ ਬਿਹਾਰ ਤੋਂ ਚਾਰ ਦਿਨ ਪਹਿਲਾਂ ਹੀ ਪਰਿਵਾਰ ਸਮੇਤ ਬਾਹੋਮਾਜਰਾ ਆਇਆ ਸੀ।
26 ਜਨਵਰੀ ਦੇ ਦਿਨ 4 ਸਾਲ ਦਾ ਬੱਚਾ ਘਰ ਬਾਹਰ ਖੇਡ ਰਿਹਾ ਸੀ ਜਦਕਿ ਬੇਟੀ ਤੇ ਉਸ ਦੀ ਮਾਂ ਅੰਦਰ ਕਮਰੇ 'ਚ ਸੀ। ਤਿੰਨ ਅਵਾਰਾ ਕੁੱਤੇ ਆਏ ਤੇ ਖੇਡ ਰਹੇ ਬੱਚੇ ਨੂੰ ਘੜੀਸ ਕੇ ਲੈ ਗਏ। ਬੱਚੇ ਦੀਆਂ ਚੀਕਾਂ ਸੁਣ ਕੇ ਮਾਂ ਤੇ ਬੇਟੀ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਕੁੱਤਿਆਂ ਨੇ ਬੱਚੇ ਦਾ ਕੰਨ, ਜਬੜਾ, ਸਿਰ ਤੇ ਮੂੰਹ ਬੂਰੀ ਤਰ੍ਹਾਂ ਨਾਲ ਨੋਚ ਦਿੱਤਾ ਸੀ।


ਪਿੰਡ ਦੇ ਨਜ਼ਦੀਕ ਹੀ ਕੂੜੇ ਦਾ ਡੰਪ ਹੈ। ਇੱਥੇ ਮਰੇ ਹੋਏ ਜਾਨਵਰ ਵੀ ਸੁੱਟੇ ਜਾਂਦੇ ਹਨ, ਜਿਸ ਕਰਕੇ ਕੁੱਤੇ ਇੰਨੇ ਖੁੰਖਾਰ ਹੋ ਗਏ ਹਨ। ਦੱਸ ਦਈਏ ਕਿ ਕੁੱਤਿਆਂ ਤੋਂ ਨਿਜਾਤ ਪਾਉਣ ਲਈ ਨਗਰ ਕੌਂਸਲ ਕੋਲ ਵੀ ਕੋਈ ਉਪਾਅ ਨਹੀਂ। ਹਸਪਤਾਲ 'ਚ ਐਂਟੀ ਰੈਬੀਜ ਟੀਕਿਆਂ ਦਾ ਵੀ ਸਟਾਕ ਨਹੀਂ। ਐਸਡੀਐਮ ਨੇ ਟੀਮ ਬੁਲਾਉਣ ਲਈ ਕਿਹਾ ਸੀ, ਪਰ ਹੋਇਆ ਕੁਝ ਵੀ ਨਹੀਂ।