ਨਵੀਂ ਦਿੱਲੀ: ਚੀਨ ਅਤੇ ਪਾਕਿਸਤਾਨ ਕੋਲ ਭਾਰਤ ਨਾਲੋਂ ਜ਼ਿਆਦਾ ਪਰਮਾਣੂ ਹਥਿਆਰ ਹਨ। ਇਹ ਦਾਅਵਾ ਇਕ ਰਿਪੋਰਟ ‘ਚ ਕੀਤਾ ਗਿਆ ਹੈ। ਇਸ ਅਨੁਸਾਰ ਚੀਨ ਕੋਲ ਇਸ ਸਮੇਂ 320 ਪਰਮਾਣੂ ਹਥਿਆਰ ਹਨ ਤੇ ਪਾਕਿਸਤਾਨ ਕੋਲ 160 ਪਰਮਾਣੂ ਹਥਿਆਰ ਹਨ। ਜਦਕਿ ਭਾਰਤ ਕੋਲ 150 ਪ੍ਰਮਾਣੂ ਹਥਿਆਰ ਹਨ।
ਇਹ ਰਿਪੋਰਟ ਸਵੀਡਿਸ਼ ਥਿੰਕ ਟੈਂਕ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਸਿਪਰੀ ਰਿਪੋਰਟ 2020) ਵੱਲੋਂ ਜਾਰੀ ਕੀਤੀ ਗਈ ਹੈ। ਇਹ ਉਨ੍ਹਾਂ ਦੇਸ਼ਾਂ ਦਾ ਜ਼ਿਕਰ ਕਰਦਾ ਹੈ ਜਿਨ੍ਹਾਂ ਕੋਲ ਅਧਿਕਾਰਤ ਤੌਰ ‘ਤੇ ਪਰਮਾਣੂ ਹਥਿਆਰ ਹਨ।
ਸਿਪਰੀ ਅਨੁਸਾਰ ਰੂਸ ਤੇ ਅਮਰੀਕਾ ਕੋਲ ਦੁਨੀਆ ਦੇ ਕੁਲ ਪਰਮਾਣੂ ਹਥਿਆਰਾਂ ਦਾ 90 ਪ੍ਰਤੀਸ਼ਤ ਹਿੱਸਾ ਹੈ। ਦੋਵੇਂ ਦੇਸ਼ ਪੁਰਾਣੇ ਹਥਿਆਰਾਂ ਨੂੰ ਅੱਗੇ ਵਧਾ ਰਹੇ ਹਨ। ਇਹੀ ਕਾਰਨ ਹੈ ਕਿ ਪਿਛਲੇ ਸਾਲ ਪਰਮਾਣੂ ਹਥਿਆਰਾਂ ਦੀ ਗਿਣਤੀ ਵਿੱਚ ਕਮੀ ਆਈ ਸੀ। ਹਾਲਾਂਕਿ, ਇਹ ਚਿੰਤਾ ਦਾ ਵਿਸ਼ਾ ਹੈ ਕਿ ਪੁਰਾਣੇ ਦੀ ਥਾਂ ਇਹ ਦੋਵੇਂ ਦੇਸ਼ ਨਵੇਂ ਪਰਮਾਣੂ ਹਥਿਆਰ ਬਣਾ ਰਹੇ ਹਨ।
ਪਰਮਾਣੂ ਸ਼ਕਤੀ ਵਧਾ ਰਿਹਾ ਚੀਨ:
ਚੀਨ ਪਰਮਾਣੂ ਸ਼ਕਤੀ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਇਹ ਜ਼ਮੀਨ, ਹਵਾ ਤੇ ਸਮੁੰਦਰ ਤੋਂ ਹਮਲਾ ਕਰਨ ਵਾਲੀਆਂ ਨਵੀਆਂ ਮਿਜ਼ਾਈਲਾਂ ਤਿਆਰ ਕਰ ਰਿਹਾ ਹੈ। ਸਿਰਫ ਇਹ ਹੀ ਨਹੀਂ ਉਹ ਕੁਝ ਲੜਾਕੂ ਜਹਾਜ਼ਾਂ ਦੀ ਤਿਆਰੀ ਵੀ ਕਰ ਰਿਹਾ ਹੈ ਜੋ ਪ੍ਰਮਾਣੂ ਹਮਲਾ ਕਰ ਸਕਣ।
ਦੁਨੀਆ ‘ਚ 13 ਹਜ਼ਾਰ 400 ਪਰਮਾਣੂ ਹਥਿਆਰ:
ਸਿਪਰੀ ਅਨੁਸਾਰ 9 ਦੇਸ਼ਾਂ ਕੋਲ ਪਰਮਾਣੂ ਹਥਿਆਰ ਹਨ। ਕੁਲ ਮਿਲਾ ਕੇ ਇਸ ਸਮੇਂ ਇਨ੍ਹਾਂ ਦੇਸ਼ਾਂ ਕੋਲ 13 ਹਜ਼ਾਰ 400 ਨਿਊਕਲੀਅਰ ਵਾਰਹੈੱਡ ਹਨ।
ਕਿਹੜੇ ਦੇਸ਼ ਕੋਲ ਇਸ ਸਮੇਂ ਕਿੰਨੇ ਪ੍ਰਮਾਣੂ ਹਥਿਆਰ:
• ਰੂਸ: 6 ਹਜ਼ਾਰ 375
• ਅਮਰੀਕਾ: 5 ਹਜ਼ਾਰ 800
• ਫਰਾਂਸ: 290
• ਯੂਕੇ: 215
• ਚੀਨ: 320
• ਪਾਕਿਸਤਾਨ: 160
• ਭਾਰਤ: 150
• ਇਜ਼ਰਾਈਲ: 90
• ਉੱਤਰੀ ਕੋਰੀਆ: 30 ਤੋਂ 40