ਨਵੀਂ ਦਿੱਲੀ: ਚੀਨ ਤੋਂ ਬਾਅਦ ਕੋਰੋਨਾਵਾਇਰਸ ਨੇ ਦੁਨੀਆ ਦੇ ਲਗਪਗ 200 ਦੇਸ਼ਾਂ ਵਿੱਚ ਆਪਣਾ ਪੈਰ ਫੈਲਾਇਆ। ਚੀਨ ਦਾਅਵਾ ਕਰ ਰਿਹਾ ਹੈ ਕਿ ਉਸ ਨੇ ਇਸ ਮਹਾਮਾਰੀ ‘ਤੇ ਕਾਬੂ ਪਾ ਲਿਆ ਹੈ ਪਰ ਅਜੇ ਵੀ ਚੀਨ ਤੋਂ ਅਜਿਹੀਆਂ ਕਈ ਖ਼ਬਰਾਂ ਆ ਰਹੀਆਂ ਹਨ ਜੋ ਹੈਰਾਨ ਕਰਨ ਵਾਲੀਆਂ ਹਨ। ਦਰਅਸਲ ਚੀਨ ਦੇ ਵੁਹਾਨ ‘ਚ ਸੰਕਰਮਿਤ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਦੋ ਡਾਕਟਰ ਖੁਦ ਕੋਰੋਨਵਾਇਰਸ ਨਾਲ ਸੰਕਰਮਿਤ ਹੋ ਗਏ। ਇਸ ਤੋਂ ਬਾਅਦ ਇਨ੍ਹਾਂ ਦੋਵਾਂ ਡਾਕਟਰਾਂ ਦਾ ਚਿਹਰਾ ਕਾਲਾ ਹੋ ਗਿਆ ਹੈ।


ਮੈਟਰੋ ਯੂਕੇ ਦੀ ਇੱਕ ਰਿਪੋਰਟ ਮੁਤਾਬਕ ਡਾਕਟਰਾਂ ਯੀ ਫੇਨ ਤੇ ਹੂ ਵੇਫੈਂਗ ਦੇ ਚਿਹਰੇ ਕਾਲੇ ਹੋ ਗਏ। ਇਹ ਦੋਵੇਂ ਡਾਕਟਰ ਚੀਨ ਦੇ ਵੁਹਾਨ ਹਸਪਤਾਲ ‘ਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ ਕਰ ਰਹੇ ਸੀ। ਇਸ ਸਮੇਂ ਦੌਰਾਨ ਇਹ ਦੋਵੇਂ ਡਾਕਟਰ ਵੀ ਵਾਇਰਸ ਨਾਲ ਸੰਕਰਮਿਤ ਹੋ ਗਏ। ਦੋਵਾਂ ਨੂੰ ਜਨਵਰੀ ਦੇ ਆਖਰੀ ਹਫ਼ਤੇ ਵੁਹਾਨ ਸੈਂਟਰਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਰਿਪੋਰਟ ਮੁਤਾਬਕ, ਉਨ੍ਹਾਂ ਨੂੰ ਵੈਂਟੀਲੈਟਰ ‘ਤੇ ਰੱਖਿਆ ਗਿਆ ਹੈ। ਦੋਵੇਂ ਡਾਕਟਰ ਕਾਫ਼ੀ ਹੱਦ ਤਕ ਠੀਕ ਹੋ ਗਏ ਹਨ।

ਚਿਹਰੇ ਦਾ ਰੰਗ ਕਿਉਂ ਬਦਲਿਆ?

ਦੱਸਿਆ ਜਾ ਰਿਹਾ ਹੈ ਕਿ ਵਾਇਰਸ ਨੇ ਦੋਵਾਂ ਡਾਕਟਰਾਂ ਦੇ ਲਿਵਰ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਇਹ ਵਾਇਰਸ ਲਿਵਰ ਦੇ ਪ੍ਰਭਾਵਿਤ ਹੋਣ ਤੋਂ ਬਾਅਦ ਚਮੜੀ ਦੇ ਰੰਗ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਇਹ ਦੋਵੇਂ ਡਾਕਟਰ ਲੀ ਵੇਨਲਿੰਗ ਦੇ ਸਹਿਯੋਗੀ ਸੀ। ਲੀ ਵੇਨਲਿੰਗ ਉਹ ਵਿਅਕਤੀ ਸੀ ਜਿਸ ਨੇ ਸਭ ਤੋਂ ਪਹਿਲਾਂ ਕੋਰੋਨਾਵਾਇਰਸ ਬਾਰੇ ਜਾਣਕਾਰੀ ਦਿੱਤੀ। ਲੀ ਵੇਨਲਿੰਗ ਖੁਦ ਇੱਕ ਡਾਕਟਰ ਵੀ ਸੀ ਤੇ 7 ਫਰਵਰੀ ਨੂੰ ਕੋਰੋਨਾਵਾਇਰਸ ਦੇ ਸੰਕਰਮਣ ਨਾਲ ਉਸ ਦੀ ਮੌਤ ਹੋ ਗਈ।