ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਭਾਰਤੀ ਮੂਲ ਦੇ ਅਮਰੀਕੀ ਸਿੱਖ ਨੇ ਕੋਰੋਨਾ ਵਾਇਰਸ ਖ਼ਿਲਾਫ਼ ਜਾਰੀ ਲੜਾਈ ਨੂੰ ਹੋਰ ਮਜ਼ਬੂਤ ਕਰਨ ਲਈ ਵੱਡਾ ਕਦਮ ਚੁੱਕਿਆ ਹੈ। 46 ਸਾਲਾ ਗੁਰਿੰਦਰ ਸਿੰਘ ਖ਼ਾਲਸਾ ਨੇ ਅਮਰੀਕਾ ਦੇ ਇੰਡਿਆਨਾ ਸੂਬੇ ਵਿੱਚ ਕਲੀਨਕਸਾ (Cleanxa) ਨਾਂ ਦੀ ਕੰਪਨੀ ਸ਼ੁਰੂ ਕੀਤੀ ਹੈ ਜੋ ਕੋਵਿਡ-19 ਦੀ ਰੋਕਥਾਮ ਲਈ ਲੋੜੀਂਦੀਆਂ ਵਸਤਾਂ ਦਾ ਨਿਰਮਾਣ ਕਰੇਗੀ।


ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ ਇਸ ਸਮੇਂ ਸਭ ਤੋਂ ਵੱਧ ਅਮਰੀਕਾ ਵਿੱਚ ਹਨ ਤੇ ਇਸ ਲਈ ਉੱਥੇ ਮੈਡੀਕਲ ਸਾਜ਼ੋ ਸਮਾਨ ਦੀ ਕਾਫੀ ਕਿੱਲਤ ਹੈ। ਇਸ ਘਾਟ ਨੂੰ ਮਹਿਸੂਸ ਕਰਦਿਆਂ ਕਾਰੋਬਾਰੀ ਗੁਰਿੰਦਰ ਸਿੰਘ ਖ਼ਾਲਸਾ ਨੇ ਪਿਛਲੇ ਸਮੇਂ ਤੋਂ ਹੀ ਛੋਟੇ ਪੱਧਰ 'ਤੇ ਮਾਸਕ, ਫੇਸ ਸ਼ੀਲਡ, ਸੇਫਟੀ ਗਾਊਨ ਆਦਿ ਬਣਾਉਣੇ ਸ਼ੁਰੂ ਕਰ ਦਿੱਤੇ ਸਨ ਪਰ ਹੁਣ ਉਨ੍ਹਾਂ ਕੰਪਨੀ ਦੀ ਸਥਾਪਨਾ ਕਰ ਵੱਡੇ ਪੱਧਰ 'ਤੇ ਉਤਪਾਦਨ ਸ਼ੁਰੂ ਕਰ ਦਿੱਤਾ ਹੈ।


ਖ਼ਾਸ ਗੱਲ ਇਹ ਹੈ ਕਿ ਖ਼ਾਲਸਾ ਨੇ ਆਪਣੀ ਕੰਪਨੀ ਰਾਹੀਂ ਇੰਡਿਆਨਾ ਦੇ 500 ਪਰਿਵਾਰਾਂ ਨੂੰ ਜੋੜਿਆ ਹੈ ਜੋ ਉਨ੍ਹਾਂ ਲਈ ਆਪਣੇ ਘਰੋਂ ਹੀ ਸਮਾਨ ਤਿਆਰ ਕਰਦੇ ਹਨ। ਇਸ ਤਰ੍ਹਾਂ ਉਹ ਕੋਰੋਨਾ ਕਾਰਨ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਅਮਰੀਕੀਆਂ ਨੂੰ ਰੁਜ਼ਗਾਰ ਦੀ ਮੁਹੱਈਆ ਕਰਵਾ ਰਹੇ ਹਨ ਤੇ ਨਾਲ ਹੀ ਮੈਡੀਕਲ ਅਮਲੇ ਨੂੰ ਲੋੜੀਂਦਾ ਸਾਜ਼ੋ ਸਾਮਾਨ ਵੀ।


ਜ਼ਿਕਰਯੋਗ ਹੈ ਕਿ ਉਕਤ ਬਚਾਅ ਉਪਕਰਨਾਂ ਵਿੱਚ ਤਿਆਰ ਕੀਤੇ ਮਾਸਕ (ਜਿਸ ਨੂੰ ਧੋ ਕੇ ਮੁੜ ਵਰਤਿਆ ਜਾ ਸਕਦਾ ਹੈ) ਨੂੰ ਖ਼ਾਲਸਾ ਆਪਣੀ ਕੰਪਨੀ ਤਹਿਤ ਮੁਫ਼ਤ ਵੰਡ ਰਹੇ ਹਨ। ਇਸ ਲਈ ਉਨ੍ਹਾਂ ਇੰਡਿਆਨਾਪੋਲਿਸ ਦੇ ਏਮਰਸਨ ਵੇਅ 'ਤੇ ਵਿਸ਼ੇਸ਼ ਡ੍ਰਾਈਵਥਰੂ ਵੀ ਖੋਲ੍ਹਿਆ ਹੈ, ਜਿੱਥੋਂ ਲੋਕ ਇਨ੍ਹਾਂ ਨਿਸ਼ਕਾਮ ਮਾਸਕਾਂ ਨੂੰ ਪ੍ਰਾਪਤ ਕਰ ਸਕਦੇ ਹਨ।


ਜ਼ਿਕਰਯੋਗ ਹੈ ਕਿ ਗੁਰਿੰਦਰ ਸਿੰਘ ਨੂੰ ਜਨਵਰੀ 2019 ਵਿੱਚ ਰੋਜ਼ਾ ਪਾਰਕਸ ਟ੍ਰੇਲਬਲੇਜ਼ਰ ਐਵਾਰਡ ਨਾਲ ਸਨਮਾਨਿਆ ਗਿਆ ਸੀ ਕਿਉਂਕਿ ਉਨ੍ਹਾਂ ਅਮਰੀਕਾ ਵਿੱਚ ਸਿੱਖਾਂ ਦੀ ਦਸਤਾਰ ਦੇ ਸਨਮਾਨ ਦੀ ਬਹਾਲੀ ਲਈ ਆਨਲਾਈਨ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਦੀ ਸਫਲਤਾ ਦੇ ਸਦਕਾ ਹੀ ਅਮਰੀਕਾ ਨੇ ਹਵਾਈ ਅੱਡਿਆਂ ਜਿਹੀਆਂ ਥਾਵਾਂ 'ਤੇ ਸਿੱਖਾਂ ਦੀ ਦਸਤਾਰ ਲੁਹਾ ਕੇ ਤਲਾਸ਼ੀ ਲੈਣ ਦੇ ਨਿਯਮ ਬਦਲੇ ਸਨ।