ਸਿਰਸਾ: ਸਿਰਸਾ ਨਗਰ ਕੌਂਸਲ ਦੀ ਚੇਅਰਪਰਸਨ ਲਈ ਚੋਣਾਂ ਅੱਜ ਭਾਰੀ ਹੰਗਾਮੇ ਦਰਮਿਆਨ ਹੋਈਆਂ। ਸਿਰਸਾ ਨਗਰ ਕੌਂਸਲ ਦੀ ਚੇਅਰਪਰਸਨ ਦੀ ਕੁਰਸੀ ਪਿਛਲੇ ਕਾਫ਼ੀ ਸਮੇਂ ਤੋਂ ਖਾਲੀ ਸੀ, ਜਿਸ ਕਾਰਨ ਅੱਜ ਚੋਣਾਂ ਹੋਈਆਂ। ਇਨ੍ਹਾਂ ਚੋਣਾਂ ਵਿੱਚ ਵਿਧਾਇਕ ਤੇ ਸੰਸਦ ਮੈਂਬਰ ਵੀ ਆਪਣੀ ਵੋਟ ਪਾਉਂਦੇ ਹਨ। ਕਿਸਾਨਾਂ ਨੂੰ ਇਸ ਗੱਲ ਬਾਰੇ ਜਦੋਂ ਪਤਾ ਚੱਲਿਆ ਕਿ ਵਿਧਾਇਕ ਗੋਪਾਲ ਕਾਂਡਾ ਤੇ ਸੰਸਦ ਮੈਂਬਰ ਸੁਨੀਤਾ ਦੁੱਗਲ ਸਿਰਸਾ ਨਗਰ ਕੌਂਸਲ ਪਹੁੰਚ ਰਹੇ ਹਨ, ਤਾਂ ਕਿਸਾਨ ਵੀ ਉੱਥੇ ਪਹੁੰਚ ਗਏ। ਇੱਥੇ ਪੁਲਿਸ ਨੇ ਪਹਿਲਾਂ ਹੀ ਚਾਰੇ ਪਾਸੇ ਬੈਰੀਕੇਡ ਲਾ ਕੇ ਰੱਖੇ ਸੀ।

Continues below advertisement


 


ਵਿਧਾਇਕ ਗੋਪਾਲ ਕਾਂਡਾ ਤੇ ਸੰਸਦ ਮੈਂਬਰ ਸੁਨੀਤਾ ਦੁੱਗਲ ਦੇ ਪਹੁੰਚਦੇ ਹੀ ਕਿਸਾਨਾਂ ਦਾ ਵਿਰੋਧ ਤੇਜ਼ ਹੋ ਗਿਆ। ਉਨ੍ਹਾਂ ਨੇ ਪੁਲਿਸ ਦੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਤੇ ਕਿਸਾਨਾਂ ਦਰਮਿਆਨ ਜ਼ਬਰਦਸਤ ਧੱਕਾ-ਮੁੱਕੀ ਹੋਈ। ਜਿਸ ਵਿੱਚ ਸਿੱਖ ਕਿਸਾਨਾਂ ਦੀਆਂ ਪੱਗਾਂ ਤੱਕ ਉਤਰ ਗਈਆਂ। ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਨਗਰ ਕੌਂਸਲ ਤੋਂ ਦੂਰ ਰੱਖਣ ਲਈ ਵਾਟਰ ਕੇਨਨ ਦੀ ਵਰਤੋਂ ਵੀ ਕੀਤੀ ਗਈ।


 


ਹੰਝੂ ਗੈਸ ਸੁੱਟਣ ਵਾਲੀਆਂ ਮਸ਼ੀਨਾਂ ਵੀ ਮੰਗਵਾਈਆਂ ਗਈਆਂ ਸਨ ਪਰ ਉਨ੍ਹਾਂ ਦੀ ਵਰਤੋਂ ਨਹੀਂ ਕੀਤੀ ਗਈ। ਕਿਸਾਨਾਂ ਅਤੇ ਪੁਲਿਸ ਪ੍ਰਸ਼ਾਸਨ ਦਰਮਿਆਨ ਇਹ ਸਾਰੀ ਝੜਪ ਲਗਪਗ 3 ਘੰਟੇ ਤੱਕ ਜਾਰੀ ਰਹੀ। ਇਸ ਦੌਰਾਨ ਜਦੋਂ ਕੌਂਸਲਰ ਜਾਣ ਲੱਗੇ ਤਾਂ ਕਿਸਾਨ ਉਨ੍ਹਾਂ ਦੀਆਂ ਗੱਡੀਆਂ ਦੇ ਸਾਹਮਣੇ ਲੰਮੇ ਪੈ ਕੇ ਪ੍ਰਦਰਸ਼ਨ ਕਰਨ ਲੱਗੇ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਵਿਧਾਇਕ ਗੋਪਾਲ ਕਾਂਡਾ ਨੂੰ ਐਸਡੀਐਮ ਦੀ ਗੱਡੀ ਅਤੇ ਸੰਸਦ ਮੈਂਬਰ ਸੁਨੀਤਾ ਦੁੱਗਲ ਨੂੰ ਕਿਸੇ ਵੀ ਸਰਕਾਰੀ ਕਾਰ ਤੋਂ ਉਥੋਂ ਭੇਜਣਾ ਪਿਆ।


 


ਕਿਸਾਨਾਂ ਨੇ ਕਿਹਾ ਕਿ ਉਹ ਨਗਰ ਕੌਂਸਲ ਚੋਣਾਂ ਦਾ ਵਿਰੋਧ ਨਹੀਂ ਕਰ ਰਹੇ, ਬਲਕਿ ਉਹ ਵਿਧਾਇਕ ਗੋਪਾਲ ਕਾਂਡਾ ਅਤੇ ਸੰਸਦ ਮੈਂਬਰ ਸੁਨੀਤਾ ਦੁੱਗਲ ਦਾ ਵਿਰੋਧ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਜਾ ਚੁੱਕੀ ਹੈ ਕਿ ਜੇ ਇਹ ਲੋਕ ਕਿਤੇ ਵੀ ਕੋਈ ਪ੍ਰੋਗਰਾਮ ਕਰਨ ਗਏ ਤਾਂ ਉਨ੍ਹਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਏਗਾ।