ਫਤਹਿਗੜ੍ਹ ਸਾਹਿਬ: ਮਲੋਟ ਵਿਖੇ ਭਾਜਪਾ ਵਿਧਾਇਕ ਅਰੁਣ ਨਾਰੰਗ ਨੂੰ ਨੰਗਾ ਕਰਕੇ ਕੁੱਟਣ ਦੇ ਵਿਰੋਧ 'ਚ ਭਾਜਪਾ ਦੇ ਮਹਿਲਾ ਮੋਰਚਾ ਵੱਲੋਂ ਕਾਂਗਰਸੀ ਵਿਧਾਇਕਾਂ ਨੂੰ ਚੂੜੀਆਂ ਦੇਣ ਦਾ ਅੱਜ ਪ੍ਰੋਗਰਾਮ ਸੀ। ਇਸ ਦਰਮਿਆਨ ਫਤਹਿਗੜ੍ਹ ਸਾਹਿਬ ਵਿਖੇ ਅੱਜ ਕਾਂਗਰਸ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੂੰ ਭਾਜਪਾ ਦੀਆਂ ਮਹਿਲਾ ਵਰਕਰ ਤੇ ਹੋਰ ਆਗੂ ਚੂੜੀਆਂ ਦੇਣ ਆਏ ਪਰ ਬਦਲੇ 'ਚ ਉਨ੍ਹਾਂ ਨੂੰ ਹੀ ਵਿਰੋਧ ਦਾ ਸਾਹਮਣਾ ਕਰਨਾ ਪਿਆ।


 


ਕਾਂਗਰਸ, ਅਕਾਲੀ ਦਲ ਤੇ ਕਿਸਾਨਾਂ ਨੇ ਇਕੱਠੇ ਹੋ ਕੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸਥਿਤੀ ਤਣਾਅਪੂਰਨ ਬਣ ਗਈ, ਜਿਸ ਦੇ ਚੱਲਦਿਆਂ ਪੁਲਿਸ ਨੇ ਮੁਸ਼ਕਲ ਨਾਲ ਭਾਜਪਾ ਲੀਡਰਾਂ ਤੇ ਮਹਿਲਾ ਵਰਕਰਾਂ ਨੂੰ ਡੀਸੀ ਦਫਤਰ 'ਚ ਬੰਦ ਕਰ ਦਿੱਤਾ ਤਾਂ ਜੋ ਕਿਸੇ ਵੀ ਅਣਹੋਣੀ ਤੋਂ ਬਚਿਆ ਜਾ ਸਕੇ। ਕਿਸਾਨ ਆਗੂ ਨਿਰਮਲ ਸਿੰਘ ਨੇ ਕਿਹਾ ਕਿ ਭਾਜਪਾ ਦੇ ਝੰਡੇ ਦੇਖ ਕੇ ਉਨ੍ਹਾਂ ਦਾ ਖੂਨ ਖੌਲ ਜਾਂਦਾ ਹੈ।


 


ਉਨ੍ਹਾਂ ਕਿਹਾ ਅੱਜ ਉਹ ਜਦੋਂ ਬੀਜੇਪੀ ਦਾ ਵਿਰੋਧ ਕਰ ਰਹੇ ਸੀ ਤਾਂ ਕਾਂਗਰਸ ਤੇ ਅਕਾਲੀ ਦਲ ਵੀ ਉਨ੍ਹਾਂ ਨਾਲ ਆ ਗਿਆ। ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਬੀਜੇਪੀ ਸ਼ਾਂਤੀ ਭੰਗ ਕਰ ਰਹੀ ਹੈ। ਇਸ ਕਰਕੇ ਉਨ੍ਹਾਂ ਨੇ ਕਿਸਾਨਾਂ ਦਾ ਸਾਥ ਦਿੱਤਾ ਤੇ ਦਿੰਦੇ ਰਹਿਣਗੇ। ਉਥੇ ਹੀ ਭਾਜਪਾ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਸਿੰਘ ਗਰਗ ਨੇ ਗੁੰਡਾਗਰਦੀ ਦੇ ਦੋਸ਼ ਲਾਉਂਦੇ ਹੋਏ ਕਾਨੂੰਨ ਵਿਵਸਥਾ ਉਪਰ ਸਵਾਲ ਚੁੱਕੇ।