ਨਵੀਂ ਦਿੱਲੀ: ਰਾਜਧਾਨੀ ਦਿੱਲੀ ਤੇ ਇਸ ਦੇ ਨੇੜਲੇ ਇਲਾਕਿਆਂ 'ਚ ਮੰਗਲਵਾਰ ਤੋਂ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਇਸ ਮੀਂਹ ਕਾਰਨ ਦਿੱਲੀ-ਐਨਸੀਆਰ ਦਾ ਤਾਪਮਾਨ ਕਾਫ਼ੀ ਘੱਟ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਆਉਣ ਵਾਲੀਆਂ 21 ਰੇਲ ਗੱਡੀਆਂ ਧੁੰਦ ਤੇ ਠੰਢ ਕਰਕੇ ਇੱਕ ਤੋਂ ਛੇ ਘੰਟਿਆਂ ਲਈ ਦੇਰੀ ਨਾਲ ਆਈਆਂ। ਬਹੁਤ ਸਾਰੇ ਇਲਾਕਿਆਂ 'ਚ ਮੀਂਹ ਤੇ ਧੁੰਦ ਨੇ ਰੇਲ ਗੱਡੀਆਂ ਦੀ ਰਫ਼ਤਾਰ ਨੂੰ ਰੋਕ ਦਿੱਤਾ।

ਇਸ ਦੇ ਨਾਲ ਹੀ ਦੇਸ਼ ਦੇ ਉੱਤਰੀ ਹਿੱਸੇ ਦੇ ਵੱਖ-ਵੱਖ ਥਾਵਾਂ 'ਤੇ ਬੁੱਧਵਾਰ ਨੂੰ ਗੈਰ ਮੌਸਮੀ ਬਾਰਸ਼ ਤੇ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਭਾਰੀ ਬਰਫਬਾਰੀ ਕਾਰਨ ਖੇਤਰਾਂ ਦਾ ਤਾਪਮਾਨ ਹੇਠ ਆ ਗਿਆ। ਦਿੱਲੀ ਤੇ ਇਸ ਦੇ ਨੇੜਲੇ ਇਲਾਕਿਆਂ 'ਚ ਰੁਕ-ਰੁਕ ਕੇ ਹੋ ਰਹੀ ਬਾਰਸ਼ ਕਾਰਨ ਕਈ ਥਾਂਵਾਂ 'ਤੇ ਸੜਕਾਂ 'ਤੇ ਆਵਾਜਾਈ ਰੁਕ ਗਈ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਘੱਟੋ-ਘੱਟ ਤਾਪਮਾਨ 9.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।


ਪੰਜਾਬ ਤੇ ਹਰਿਆਣਾ ਦਾ ਹਾਲ:
ਪੰਜਾਬ ਤੇ ਹਰਿਆਣਾ ਦੇ ਵੱਖ ਵੱਖ ਹਿੱਸਿਆਂ ਵਿੱਚ ਮੀਂਹ ਪਿਆ, ਜਦੋਂਕਿ ਕਈ ਖੇਤਰਾਂ 'ਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵਧੇਰੇ ਦਰਜ ਕੀਤਾ ਗਿਆ। ਦੋਵਾਂ ਸੂਬਿਆਂ 'ਚ ਕਈ ਥਾਵਾਂ 'ਤੇ ਪਿਛਲੇ ਦੋ ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਪੰਜਾਬ 'ਚ ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ 'ਚ ਘੱਟੋ ਘੱਟ ਤਾਪਮਾਨ 7, 10.1 ਅਤੇ 11.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।


ਹਿਮਾਚਲ 'ਚ ਭਾਰੀ ਬਰਫਬਾਰੀ:
ਸ਼ਿਮਲਾ, ਮਨਾਲੀ, ਕੁਫਰੀ ਤੇ ਡਲਹੌਜ਼ੀ ਸਮੇਤ ਹਿਮਾਚਲ ਪ੍ਰਦੇਸ਼ ਦੇ ਕਈ ਥਾਂਵਾਂ 'ਤੇ ਬਰਫਬਾਰੀ ਹੋਈ, ਜੋ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਰਿਹਾ। ਸੈਲਾਨੀ ਬਰਫਬਾਰੀ ਦਾ ਆਨੰਦ ਲੈਣ ਪਹੁੰਚੇ। ਜਦਕਿ ਬਹੁਤ ਸਾਰੀਆਂ ਥਾਂਵਾਂ 'ਤੇ ਸੜਕ ਬੰਦ ਹੋ ਗਈਆਂ।


ਕਸ਼ਮੀਰ ਦਾ ਹਾਲ:
ਸ੍ਰੀਨਗਰ ਵਿੱਚ 0 ਤੋਂ 0.4 ਘੱਟੋ ਘੱਟ ਤਾਪਮਾਨ ਦਰਜ ਕੀਤਾ ਗਿਆ। ਉੱਤਰੀ ਕਸ਼ਮੀਰ 'ਚ ਗੁਲਮਰਗ ਵਿੱਚ ਘੱਟੋ ਘੱਟ ਤਾਪਮਾਨ ਮਨਫ਼ੀ 7.6 ਡਿਗਰੀ ਦਰਜ ਕੀਤਾ ਗਿਆ। ਭਾਰੀ ਬਰਫਬਾਰੀ ਤੇ ਲੈਂਡਸਲਾਈਡਿੰਗ ਕਰਕੇ ਪਿਛਲੇ ਦੋ ਦਿਨਾਂ ਤੋਂ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਬੰਦ ਰਿਹਾ, ਜਿਸ ਨੂੰ ਬੁੱਧਵਾਰ ਦੁਪਹਿਰ ਨੂੰ ਫਸੇ ਵਾਹਨਾਂ ਲਈ ਖੋਲ੍ਹ ਦਿੱਤਾ ਗਿਆ।


ਉੱਤਰ ਪ੍ਰਦੇਸ਼ ਦਾ ਹਾਲ:
ਮੀਂਹ ਕਾਰਨ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਠੰਢ ਵੱਧ ਗਈ ਹੈ। ਨਾਲ ਹੀ ਤੇਜ਼ ਹਵਾਵਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵਧਾ ਦਿੱਤਾ ਹੈ। ਰਾਜਧਾਨੀ ਲਖਨਊ ਸਮੇਤ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਅਲਸੂਬਾ ਤੋਂ ਰੁਕ-ਰੁਕ ਕੇ ਮੀਂਹ ਜਾਰੀ ਰਿਹਾ।