ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੇ ਵਿੱਤੀ ਸੰਕਟ ਲਈ ਸਰਕਾਰ ਨੂੰ ਹੀ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਕੈਪਟਨ ਸਰਕਾਰ ਇਸ ਸੰਕਟ 'ਚੋਂ ਉੱਭਰਨ ਲਈ ਜੋ ਕਦਮ ਚੁੱਕ ਰਹੀ ਹੈ, ਉਹ ਬੇਹੱਦ ਬਚਕਾਨਾ ਤੇ ਹੋਰ ਵੀ ਨਿਰਾਸ਼ ਕਰਨ ਵਾਲੇ ਹਨ।


ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ, ਐਨਆਰਆਈ ਵਿੰਗ ਦੇ ਸੂਬਾ ਪ੍ਰਧਾਨ ਜੈ ਕ੍ਰਿਸ਼ਨ ਸਿੰਘ ਰੋੜੀ ਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਵਿੱਤੀ ਤੌਰ 'ਤੇ ਪੰਜਾਬ ਸਰਕਾਰ ਵੈਂਟੀਲੇਟਰ 'ਤੇ ਚਲੀ ਗਈ ਹੈ। ਕੈਪਟਨ ਤੇ ਉਨ੍ਹਾਂ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਸੂਬੇ ਨੂੰ ਦਰਪੇਸ਼ ਵਿੱਤੀ ਸੰਕਟ 'ਚੋਂ ਕੱਢਣ ਦੀ ਥਾਂ ਹੋਰ ਗਹਿਰਾਈ ਵੱਲ ਧੱਕ ਰਹੇ ਹਨ।

ਉਨ੍ਹਾਂ ਕਿਹਾ ਕਿ ਬਿਹਤਰ ਹੁੰਦਾ ਜੇਕਰ ਸਰਕਾਰ ਬਹੁਭਾਂਤੀ ਮਾਫ਼ੀਆ, ਉੱਪਰ ਤੋਂ ਥੱਲੇ ਤੱਕ ਫੈਲੇ ਭ੍ਰਿਸ਼ਟਾਚਾਰ ਤੇ ਸਰਕਾਰੀ ਖ਼ਜ਼ਾਨੇ ਦੀਆਂ ਪ੍ਰਤੱਖ-ਅਪ੍ਰਤੱਖ ਸਾਰੀਆਂ ਚੋਰ-ਮੋਰੀਆਂ ਬੰਦ ਕਰਕੇ ਆਪਣੇ ਸਾਰੇ ਸਾਧਨਾਂ-ਸਰੋਤਾਂ ਦਾ ਮੂੰਹ ਸਰਕਾਰੀ ਖ਼ਜ਼ਾਨੇ ਵੱਲ ਕਰਦੀ। ਦੁਖ ਹੈ ਕਿ ਅਜਿਹਾ ਨਾ ਕਰਕੇ ਵਿੱਤ ਮੰਤਰੀ ਹਲਕੀਆਂ ਤੇ ਬਚਕਾਨਾ ਕੋਸ਼ਿਸ਼ਾਂ ਨਾਲ 'ਦਿਨ-ਕਟੀ' ਕਰਨ ਦੀ ਸੌੜੀ ਸੋਚ ਦਾ ਪ੍ਰਗਟਾਵਾ ਕਰ ਰਹੇ ਹਨ।

ਸਰਕਾਰੀ ਡਾਕਟਰਾਂ ਦਾ ਲਗਪਗ ਨਾਨ ਪ੍ਰੈਕਟਿਸ ਅਲਾਊਂਸ (ਐਨਪੀਏ) ਬੰਦ ਕਰਕੇ ਉਨ੍ਹਾਂ ਨੂੰ ਨਿੱਜੀ ਪ੍ਰੈਕਟਿਸ ਦੀ ਖੁੱਲ੍ਹ ਦੇਣ ਦਾ ਫ਼ੈਸਲਾ, 8 ਘੰਟੇ ਡਿਊਟੀ ਕਰਨ ਦਾ ਵਾਅਦਾ ਕਰਕੇ ਪੁਲਿਸ ਮੁਲਾਜ਼ਮਾਂ ਤੋਂ 24 ਘੰਟੇ ਡਿਊਟੀ ਕਰਵਾ ਕੇ ਉਨ੍ਹਾਂ ਨੂੰ ਦਹਾਕਿਆਂ ਤੋਂ ਮਿਲਦੀ ਆ ਰਹੀ 13ਵੀਂ ਤਨਖ਼ਾਹ ਬੰਦ ਕਰਕੇ, ਲੋਕ ਕਲਿਆਣ ਸਹੂਲਤਾਂ, ਵਿਕਾਸ ਕਾਰਜਾਂ ਤੇ ਸਰਕਾਰੀ ਜਨ ਸੇਵਾਵਾਂ ਨੂੰ ਛਿੱਕੇ 'ਤੇ ਟੰਗ ਕੇ ਸਰਕਾਰੀ ਵਿਭਾਗਾਂ 'ਚ 20 ਪ੍ਰਤੀਸ਼ਤ ਕਟੌਤੀ ਕਰਨ ਵਰਗੇ ਕੱਚੇ-ਘਰੜ ਫ਼ੈਸਲਿਆਂ ਨਾਲ ਪੰਜਾਬ ਦਾ ਮੌਜੂਦਾ ਵਿੱਤੀ ਸੰਕਟ ਦਾ ਹੱਲ ਨਹੀਂ ਹੋਣ ਲੱਗਾ।

'ਆਪ' ਆਗੂਆਂ ਨੇ ਕਿਹਾ ਕਿ ਜਿੰਨਾ ਚਿਰ ਕੈਪਟਨ ਸਰਕਾਰ ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ, ਸੜਕ ਮਾਫ਼ੀਆ, ਬਿਜਲੀ ਮਾਫ਼ੀਆ, ਕੇਬਲ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਮੰਡੀ ਮਾਫ਼ੀਆ, ਸਿਹਤ ਮਾਫ਼ੀਆ, ਸਿੱਖਿਆ ਮਾਫ਼ੀਆ ਤੇ ਲੈਂਡ ਮਾਫ਼ੀਆ ਤੇ ਭ੍ਰਿਸ਼ਟਾਚਾਰ ਦਾ 100 ਪ੍ਰਤੀਸ਼ਤ ਸਫ਼ਾਇਆ ਕਰਨ ਲਈ ਦ੍ਰਿੜਤਾ ਤੇ ਇਮਾਨਦਾਰੀ ਨਾਲ ਕਦਮ ਨਹੀਂ ਚੁੱਕਦੀ ਉਦੋਂ ਤੱਕ ਸੂਬੇ ਦਾ ਵਿੱਤੀ ਸੰਕਟ ਹੋਰ ਡੂੰਘਾ ਹੁੰਦਾ ਰਹੇਗਾ।