ਚੰਡੀਗੜ੍ਹ: ਵਿਧਾਨ ਸਭਾ ਕੰਪਲੈਕਸ 'ਚ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦਾ ਕੋਈ ਕਮਰਾ ਹੀ ਨਹੀਂ। ਇਸ ਦਾ ਕਾਰਨ ਇਹ ਹੈ ਕਿ ਹਰਿਆਣੇ ਦੇ ਹਿੱਸੇ 'ਤੇ ਵੀ ਪੰਜਾਬ ਕਬਜ਼ਾ ਕਰੀ ਬੈਠਾ ਹੈ। ਹਰਿਆਣਾ ਦੇ ਸਪੀਕਰ ਨੇ ਪੰਜਾਬ ਦੇ ਸਪੀਕਰ ਕੋਲ ਇਹ ਮੁੱਦਾ ਚੁੱਕਿਆ ਹੈ। ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਲਈ ਵਿਧਾਨ ਸਭਾ ਕੰਪਲੈਕਸ 'ਚ ਦਫਤਰ ਲਈ ਉੱਥੇ ਕੋਈ ਕਮਰਾ ਹੀ ਖਾਲੀ ਨਹੀਂ।

ਦੱਸ ਦਈਏ ਕਿ 1966 ਦੀ ਪੰਜਾਬ-ਹਰਿਆਣਾ ਵੰਡ ਦੌਰਾਨ 60% ਪੰਜਾਬ ਤੇ 40% ਹਿੱਸਾ ਹਰਿਆਣਾ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਸੀ, ਪਰ ਇਸ ਫ਼ੈਸਲੇ ਦੇ ਬਾਵਜੂਦ ਹਰਿਆਣਾ ਕੋਲ ਬਣਦਾ ਹਿੱਸਾ ਨਹੀਂ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਇਹ ਮੁੱਦਾ ਚੁੱਕਿਆ।

ਗੁਪਤਾ ਨੇ ਕਿਹਾ ਕਿ ਹਰਿਆਣਾ ਦੇ ਉਪ ਮੁੱਖ ਮੰਤਰੀ ਨੂੰ ਜਦੋਂ ਕਮਰਾ ਦੇਣ ਦੀ ਜ਼ਰੂਰਤ ਪਈ ਤਾਂ ਵਿਧਾਨ ਸਭਾ 'ਚ ਹਰਿਆਣੇ ਦੇ ਖਾਤੇ ਦਾ ਕੋਈ ਵੀ ਕਮਰਾ ਖਾਲੀ ਨਹੀਂ ਮਿਲਿਆ। ਇਸ ਤੋਂ ਬਾਅਦ ਕਾਗਜ਼ਾਂ ਨੂੰ ਖੋਲ੍ਹਿਆ ਗਿਆ ਤੇ ਖੁਲਾਸਾ ਹੋਇਆ ਹਰਿਆਣੇ ਦੇ ਲਗਪਗ ਵੀਹ ਪੱਚੀ ਕਮਰਿਆਂ 'ਤੇ ਪੰਜਾਬ ਨੇ ਕਬਜ਼ਾ ਕੀਤਾ ਹੋਇਆ ਹੈ।

ਗਿਆਨ ਚੰਦ ਗੁਪਤਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਲਿਖੀ ਚਿੱਠੀ ਲਿਖ ਕੇ ਬੈਠਕ ਬੁਲਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿਧਾਨ ਸਭਾ ਦੇ ਕਮਰੇ ਘੱਟ ਹੋਣ ਕਰਕੇ ਇੱਕ ਕਮਰੇ '10-10 ਕਰਮਚਾਰੀ ਕੰਮ ਕਰ ਰਹੇ ਹਨ।