ਚੰਡੀਗੜ੍ਹ: "ਸਿੱਖ ਭਾਰਤ ਵਿੱਚ ਵੀ ਸੁਰੱਖਿਅਤ ਨਹੀਂ।" ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਦਾਅਵੇ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਸਭ ਤੋਂ ਵੱਡਾ ਸਵਾਲ ਪੰਥਕ ਪਾਰਟੀ ਕਹਾਉਣ ਵਾਲਾ ਅਕਾਲੀ ਦਲ ਉਪਰ ਹੈ ਕਿਉਂਕਿ ਇੱਕ ਪਾਸੇ ਪੂਰੇ ਦੇਸ਼ ਵਿੱਚ ਮੋਦੀ ਸਰਕਾਰ ਖਿਲਾਫ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਇਲਜ਼ਾਮ ਲਾ ਕੇ ਲੋਕ ਸੜਕਾਂ ਉੱਪਰ ਹਨ। ਦੂਜੇ ਪਾਸੇ ਅਕਾਲੀ ਦਲ ਕੇਂਦਰ ਵਿੱਚ ਬੀਜੇਪੀ ਸਰਕਾਰ ਦੀ ਹਮਾਇਤ ਕਰ ਰਿਹਾ ਹੈ। ਹੋਰ ਤਾਂ ਹੋਰ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਮੋਦੀ ਕੈਬਨਿਟ ਵਿੱਚ ਮੰਤਰੀ ਹੈ।

ਮੋਦੀ ਸਰਕਾਰ ਦੇ ਕਈ ਫੈਸਲਿਆਂ ਕਰਕੇ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਦੀ ਅਜੀਬ ਸਥਿਤੀ ਬਣੀ ਹੋਈ ਹੈ। ਅਕਾਲੀ ਦਲ ਸੰਘੀ ਰਾਜ ਦਾ ਹਮਾਇਤੀ ਹੈ ਜਦੋਂਕਿ ਮੋਦੀ ਸਰਕਾਰ ਕਸ਼ਮੀਰ ਵਿੱਚੋਂ ਧਾਰਾ 370 ਹਟਾ ਕੇ ਅਤੇ ਹੋਰ ਰਾਜਾਂ ਦੀਆਂ ਸ਼ਕਤੀਆਂ 'ਤੇ ਸ਼ਿਕੰਜ਼ਾ ਕੱਸ ਕੇ ਤੇਜ਼ੀ ਨਾਲ ਕੇਂਦਰੀਕਰਨ ਵੱਲ਼ ਵਧ ਰਹੀ ਹੈ। ਨਾਗਰਿਕਤਾ ਸੋਧ ਕਾਨੂੰਨ 'ਤੇ ਅਕਾਲੀ ਦਲ ਕਸੂਤਾ ਘਿਰਿਆ ਹੈ। ਇੱਥੇ ਅਕਾਲੀ ਦਲ ਕਾਨੂੰਨ ਦੀ ਹਮਾਇਤ ਕਰ ਰਿਹਾ ਹੈ ਜਦੋਂਕਿ ਕਾਂਗਰਸ ਤੱਕ ਇਸ ਨੂੰ ਘੱਟ ਗਿਣਤੀਆਂ ਵਿਰੁੱਧ ਗਰਦਾਨ ਚੁੱਕੀ ਹੈ।

ਉਧਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਨੂੰ ਘੇਰਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਭਾਰਤ ਵਿੱਚ ਸਿੱਖਾਂ ਦੇ ਮਹਿਫੂਜ਼ ਨਾ ਹੋਣ ਬਾਰੇ ਕੀਤੀ ਟਿੱਪਣੀ ਮਗਰੋਂ ਕੈਪਟਨ ਨੇ ਜਥੇਦਾਰ ਅਕਾਲ ਤਖ਼ਤ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੀਜੇਪੀ ਨਾਲ ਸਿਆਸੀ ਯਾਰਾਨੇ ਨੂੰ ਤੋੜਨ ਲਈ ਵੀ ਭੂਮਿਕਾ ਨਿਭਾਉਣ। ਉਨ੍ਹਾਂ ਕਿਹਾ ਕਿ ਅਕਾਲੀ ਉਸੇ ਸਰਕਾਰ ਵਿੱਚ ਭਾਈਵਾਲ ਹੋ ਕੇ ਸੱਤਾ ਦਾ ਨਿੱਘ ਮਾਣ ਰਹੇ ਹਨ ਜਿਸ ਸਰਕਾਰ ਨੇ ਮੁਲਕ ਵਿੱਚ ਘੱਟ-ਗਿਣਤੀਆਂ ਦੇ ਮਨਾਂ ਅੰਦਰ ਅਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਹੈ।

ਨਾਗਰਿਕਤਾ ਸੋਧ ਐਕਟ ਦੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ’ਤੇ ਦੋਗਲੀ ਨੀਤੀ ਅਪਨਾਉਣ ਦੇ ਦੋਸ਼ ਲਾਉਂਦਿਆਂ ਕੈਪਟਨ ਨੇ ਕਿਹਾ ਕਿ ਅਕਾਲੀ ਦੂਹਰੀ ਖੇਡ ਖੇਡਣ ਦੀ ਬਜਾਏ ਭਾਰਤ ਵਿੱਚ ਘੱਟ-ਗਿਣਤੀਆਂ ਨਾਲ ਸਬੰਧਤ ਮਾਮਲਿਆਂ ’ਤੇ ਸਪੱਸ਼ਟ ਸਟੈਂਡ ਲੈਣ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਅਕਾਲੀ ਆਪਣੀ ਅੰਤਰ ਆਤਮਾ ਨੂੰ ਪਛਾਨਣ ਤੇ ਕੇਂਦਰ ਵਿੱਚ ਗੱਠਜੋੜ ਦਾ ਹਿੱਸਾ ਬਣੇ ਰਹਿਣ ਬਾਰੇ ਸੋਚਣ। ਮੁੱਖ ਮੰਤਰੀ ਨੇ ਕਿਹਾ ਕਿ ਤਾਜ਼ਾ ਘਟਨਾਵਾਂ ਤੋਂ ਸਪੱਸ਼ਟ ਹੋ ਚੁੱਕਾ ਹੈ ਕਿ ਕੇਂਦਰ ਸਰਕਾਰ ਮੁਲਕ ਵਿੱਚ ਘੱਟ-ਗਿਣਤੀਆਂ ਦੀ ਰਾਖੀ ਕਰਨ ਵਿੱਚ ਨਾਕਾਮ ਰਹੀ ਹੈ ਜਦਕਿ ਅਕਾਲੀ ਕੇਂਦਰ ਸਰਕਾਰ ਵਿਚ ਭਾਈਵਾਲ ਹੋਣ ਦੇ ਬਾਵਜੂਦ ਘੱਟ-ਗਿਣਤੀਆਂ ਦੇ ਰਾਖੇ ਹੋਣ ਦਾ ਦਾਅਵਾ ਕਰਦੇ ਹਨ।