ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਨਿੱਜੀ ਬਿਜਲੀ ਮਾਫ਼ੀਆ ਨਾਲ ਮਿਲ ਕੇ ਪੰਜਾਬ ਸਰਕਾਰ ਵੱਲੋਂ ਬਿਜਲੀ ਖਪਤਕਾਰਾਂ ਦੀ ਕੀਤੀ ਜਾ ਰਹੀ ਲੁੱਟ ਵਿਰੁੱਧ ਆਮ ਆਦਮੀ ਪਾਰਟੀ ਹੁਣ ਸ਼ੁੱਕਰਵਾਰ 10 ਜਨਵਰੀ 2020 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਾਜਧਾਨੀ ਚੰਡੀਗੜ੍ਹ ਸਥਿਤ ਕੋਠੀ ਦਾ ਘਿਰਾਓ ਕਰੇਗੀ।


ਜ਼ਿਕਰਯੋਗ ਹੈ ਕਿ 'ਆਪ' ਵੱਲੋਂ ਮੁੱਖ ਮੰਤਰੀ ਦੀ ਕੋਠੀ ਘੇਰਨ ਦਾ ਪ੍ਰੋਗਰਾਮ ਪਹਿਲਾਂ 7 ਜਨਵਰੀ ਨੂੰ ਸੀ ਅਤੇ ਖ਼ਰਾਬ ਮੌਸਮ ਕਾਰਨ ਇਹ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਸੀ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਨੌਤੀ ਭਰਿਆ ਸਵਾਲ ਕੀਤਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਕਾਰਨ ਸਪਸ਼ਟ ਕਰਨ ਕਿ ਪੰਜਾਬ 'ਚ ਘਰੇਲੂ ਬਿਜਲੀ 9 ਰੁਪਏ ਤੋਂ ਲੈ ਕੇ 12 ਰੁਪਏ ਤੱਕ ਕਿਉਂ ਮਿਲ ਰਹੀ ਹੈ? ਜਦਕਿ ਪੰਜਾਬ ਖ਼ੁਦ ਵੀ ਬਿਜਲੀ ਪੈਦਾ ਕਰਦਾ ਹੈ।ਦੂਜੇ ਇੱਕ ਵੀ ਯੂਨਿਟ ਦਾ ਖ਼ੁਦ ਉਤਪਾਦਨ ਨਾ ਕਰਨ ਵਾਲੀ ਦਿੱਲੀ ਦੀ ਕੇਜਰੀਵਾਲ ਸਰਕਾਰ ਦਿੱਲੀ ਵਾਸੀਆਂ ਨੂੰ ਸਭ ਤੋਂ ਸਸਤੀ ਬਿਜਲੀ ਉਪਲਬਧ ਕਰ ਰਹੀ ਹੈ।

ਭਗਵੰਤ ਮਾਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਮਹਿੰਗੀ ਬਿਜਲੀ ਲਈ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣ 'ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਸਿਰਫ਼ ਬਾਦਲ ਹੀ ਨਹੀਂ ਸਗੋਂ ਤੁਸੀਂ (ਕੈਪਟਨ-ਜਾਖੜ ਅਤੇ ਪੂਰੀ ਕਾਂਗਰਸ ਸਰਕਾਰ) ਹੁਣ ਬਾਦਲਾਂ ਨਾਲੋਂ ਵੀ ਵੱਧ ਗੁਨਾਹਗਾਰ ਹੈ, ਜੋ ਆਪਣੇ ਮੈਨੀਫੈਸਟੋ ਅਨੁਸਾਰ ਪਾਵਰਕਾਮ ਦਾ ਪਿਛਲੇ ਸਾਲਾਂ ਦਾ ਆਡਿਟ ਅਤੇ ਪੀਪੀਏਜ਼ ਰੱਦ ਕਰਨ ਦੀ ਥਾਂ ਬਾਦਲਾਂ ਦੀ ਤਰਜ਼ 'ਤੇ ਬਿਜਲੀ ਮਾਫ਼ੀਆ ਦੀ ਲੁੱਟ 'ਚ ਭਾਈਵਾਲ ਬਣ ਗਏ।

ਇਸਦੇ ਨਾਲ ਹੀ ਭਗਵੰਤ ਮਾਨ ਨੇ ਦੇਸ਼ ਭਰ ਦੀਆਂ ਵੱਖ-ਵੱਖ ਟਰੇਡ ਯੂਨੀਅਨਾਂ ਅਤੇ ਕਿਸਾਨ ਸੰਗਠਨਾਂ ਵੱਲੋਂ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਅਤੇ ਕਿਰਤੀ ਵਿਰੋਧੀ ਨੀਤੀਆਂ ਖ਼ਿਲਾਫ਼ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਦੀ ਹਿਮਾਇਤ ਕੀਤੀ।