ਚੰਡੀਗੜ੍ਹ: ਹੁਣ ਸਰਕਾਰੀ ਸਕੂਲਾਂ ਦੇ ਅਧਿਆਪਕ ਫਰਲੋ ਨਹੀਂ ਮਾਰ ਸਕਣਗੇ। ਸਿੱਖਿਆ ਵਿਭਾਗ ਇਸ ਦਾ ਜਲਦ ਹੀ ਪੱਕਾ ਇੰਤਜ਼ਾਮ ਕਰਨ ਜਾ ਰਿਹਾ ਹੈ। ਸੂਤਰਾਂ ਮੁਤਾਬਕ ਪਹਿਲੀ ਅਪਰੈਲ ਤੋਂ ਸ਼ੁਰੂ ਹੋਣ ਵਾਲੇ ਵਿੱਦਿਅਕ ਵਰ੍ਹੇ ਦੌਰਾਨ ਪੰਜਾਬ ਦੇ ਸਕੂਲਾਂ ਵਿੱਚ ਅਧਿਆਪਕਾਂ ਤੇ ਹੋਰ ਸਟਾਫ ਦੀ ਹਾਜ਼ਰੀ ਲਈ ਰਜਿਸਟਰ ਨਹੀਂ ਹੋਵੇਗਾ। ਹੁਣ ਹਾਜ਼ਰੀ ਬਾਇਓਮੈਟ੍ਰਿਕ ਮਸ਼ੀਨਾਂ ਰਾਹੀਂ ਲੱਗੇਗੀ।


ਸਰਕਾਰੀ ਸੂਤਰਾਂ ਨੇ ਦੱਸਿਆ ਕਿ ਸਕੂਲਾਂ ਵਿੱਚ ਸਾਰੇ ਸਟਾਫ਼ ਦੀ ਹਾਜ਼ਰੀ ਆਨਲਾਈਨ ਹੋਵੇਗੀ। ਇਸ ਮਨੋਰਥ ਲਈ ਵਿਸ਼ੇਸ਼ ਕਿਸਮ ਦੀ ਬਾਇਓਮੈਟ੍ਰਿਕ ਮਸ਼ੀਨ ਵਰਤੋਂ ਵਿੱਚ ਲਿਆਂਦੀ ਜਾਵੇਗੀ। ਇਸ ਸਬੰਧੀ ਰਾਜ ਦੇ ਸਮੂਹ ਸਿੱਖਿਆ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਰਾਜ ਦੇ ਸਮੂਹ ਜ਼ਿਲ੍ਹਾ ਤੇ ਬਲਾਕ ਸਿੱਖਿਆ ਅਧਿਕਾਰੀਆਂ ਨੂੰ ਜਾਰੀ ਹਦਾਇਤਾਂ ਵਿੱਚ ਸਿੱਖਿਆ ਵਿਭਾਗ ਦੇ ਡਾਇਰੈਕਟਰ ਵੱਲੋਂ ਇਸ ਸਬੰਧੀ ਅਗਾਊਂ ਪ੍ਰਬੰਧ ਕਰਨ ਲਈ ਕਹਿ ਦਿੱਤਾ ਗਿਆ ਹੈ।

ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਵਿੱਚ ਕਰਮਚਾਰੀਆਂ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ ਦੇ ਮਨੋਰਥ ਨਾਲ ਹੀ ਕੁਝ ਅਰਸਾ ਪਹਿਲਾਂ ਆਨਲਾਈਨ ਹਾਜ਼ਰੀ ਸਿਸਟਮ ਲਾਗੂ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਸਕੂਲਾਂ ਵਿੱਚ ਸਟਾਫ਼ ਦੀ ਆਨਲਾਈਨ ਹਾਜ਼ਰੀ ਲਈ ਵਿਸ਼ੇਸ਼ ਕਿਸਮ ਦੀਆਂ ਬਾਇਓਮੈਟ੍ਰਿਕ ਹਾਜ਼ਰੀ ਸਕੈਨਰ (ਮਸ਼ੀਨ) ਵਿਭਾਗ ਵੱਲੋਂ ਮੁਹਈਆ ਕਰਵਾਏ ਜਾਣਗੇ।

ਇਹ ਮਸ਼ੀਨਾਂ ਸਮਾਰਟਫੋਨ ਨਾਲ ਜੋੜ ਕੇ ਚਲਾਈਆਂ ਜਾ ਸਕਣਗੀਆਂ ਤੇ ਸਕੂਲ ਸਟਾਫ਼ ਆਪਣੀ ਹਾਜ਼ਰੀ ਲਾ ਸਕੇਗਾ। ਇਸ ਆਨਲਾਈਨ ਹਾਜ਼ਰੀ ਸਿਸਟਮ ਨੂੰ ਵਿਭਾਗ ਦੀ ਐਪ ਨਾਲ ਜੋੜਿਆ ਜਾ ਰਿਹਾ ਹੈ ਤੇ ਪੰਜਾਬ ਦੇ ਸਕੂਲਾਂ ਵਿੱਚ ਸਵੇਰੇ ਹਾਜ਼ਰ ਹੋਣ ਤੇ ਛੁੱਟੀ ਵੇਲੇ ਸਕੂਲ ਛੱਡਣ ਵੇਲੇ ਦਾ ਸਮਾਂ ਤੇ ਹਰ ਅਧਿਆਪਕ ਤੇ ਸਟਾਫ਼ ਮੈਂਬਰ ਦੀ ਹਾਜ਼ਰੀ ਮੁੱਖ ਦਫ਼ਤਰ ਵਿੱਚ ਪੁੱਜ ਜਾਵੇਗੀ।

ਵਿਭਾਗ ਦੇ ਮੁੱਖ ਦਫ਼ਤਰ ਵਲੋਂ ਇਸ ਸਬੰਧੀ ਜਾਰੀ ਹਦਾਇਤਾਂ ਵਿੱਚ 1 ਅਪਰੈਲ, 2020 ਤੋਂ ਰਾਜ ਦੇ ਸਕੂਲਾਂ ਵਿੱਚ ਸੌ ਫ਼ੀਸਦੀ ਆਨਲਾਈਨ ਹਾਜ਼ਰੀ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਇਸ ਟੀਚੇ ਨੂੰ ਪੂਰਾ ਕਰਨ ਲਈ ਪਹਿਲੇ ਪੜਾਅ ਵਿੱਚ ਰਾਜ ਦੇ ਪ੍ਰਾਇਮਰੀ ਸਕੂਲ ਵਿੱਚ ਇਹ ਪ੍ਰਬੰਧ ਕੀਤਾ ਜਾਵੇਗਾ। ਉਸ ਤੋਂ ਬਾਅਦ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਇਸ ਅਧੀਨ ਲਿਆਂਦਾ ਜਾਵੇਗਾ।

Education Loan Information:

Calculate Education Loan EMI