ਅੰਮ੍ਰਿਤਸਰ: ਦੇਸ਼ ਦੀਆਂ ਵੱਖ-ਵੱਖ ਮਜ਼ਦੂਰ, ਕਿਸਾਨ ਤੇ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਅੱਜ ਯਾਨੀ 8 ਜਨਵਰੀ ਨੂੰ ਕੀਤੀ ਗਈ ਦੇਸ਼ ਵਿਆਪੀ ਹੜਤਾਲ ਦਾ ਵੱਡਾ ਅਸਰ ਦੇਖਣ ਨੂੰ ਮਿਲਿਆ। ਇਸ ਤਹਿਤ ਜਥੇਬੰਦੀਆਂ ਨੇ ਰੇਲਵੇ ਟਰੈਕ ਤੇ ਜੀਟੀ ਰੋਡ 'ਤੇ ਚੱਕਾ ਜਾਮ ਕਰ ਦਿੱਤਾ ਤੇ ਮੁਕੰਮਲ ਟ੍ਰੈਫਿਕ ਨੂੰ ਰੋਕ ਦਿੱਤਾ। ਇਸ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।


ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਸੈਂਕੜਿਆਂ ਦੀ ਗਿਣਤੀ 'ਚ ਪ੍ਰਦਰਸ਼ਨਕਾਰੀਆਂ ਨੇ ਭੰਡਾਰੀ ਪੁਲ ਨਜ਼ਦੀਕ ਟਰੈਕ 'ਤੇ ਕੁੱਦ ਕੇ ਟਰੈਕ ਨੂੰ ਬਲਾਕ ਕਰ ਦਿੱਤਾ। ਇਸ ਨਾਲ ਰੇਲਵੇ ਸਟੇਸ਼ਨ 'ਤੇ ਆਉਣ ਜਾਣ ਵਾਲੀਆਂ ਗੱਡੀਆਂ ਦੀ ਆਵਾਜਾਈ ਰੁੱਕ ਗਈ ਤੇ ਮੁਸਾਫਰ ਦੂਰ ਰੇਲ ਗੱਡੀਆਂ ਹੋਣ ਕਾਰਨ ਪੈਦਲ ਹੀ ਪੁੱਜੇ।

ਅੰਮ੍ਰਿਤਸਰ ਦੇ ਬੱਸ ਅੱਡੇ 'ਤੇ ਵੀ ਇਹੀ ਹਾਲ ਸੀ ਜਿੱਥੇ ਲੋਕ ਪੰਜਾਬ ਰੋਡਵੇਜ਼ ਕੰਟਰੈਕਟ ਵਰਕਰ ਯੂਨੀਅਨ ਤੇ ਪ੍ਰਾਈਵੇਟ ਬੱਸ ਪੇਂਟਰਾਂ ਦੇ ਕੁੱਦਣ ਨਾਲ ਬੱਸ ਸਰਵਿਸ ਪ੍ਰਭਾਵਿਤ ਹੋਈ। ਇੱਥੇ ਵੀ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਉਧਰ, ਪ੍ਰਦਰਸ਼ਨਕਾਰੀਆਂ ਨੇ ਆਪਣੀਆਂ ਮੰਗਾਂ ਦੁਹਰਾਈਆਂ ਤੇ ਮੋਦੀ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਖਿਲਾਫ਼ ਵੀ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਇਸ ਤੋਂ ਵੀ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ।