ਦੀਪਿਕਾ ਦੇ ਜੇਐਨਯੂ ਪ੍ਰੋਟੈਸਟ 'ਚ ਸ਼ਾਮਲ ਹੋਣ ਨੂੰ ਉਸ ਦੀ ਆਉਣ ਵਾਲੀ ਫ਼ਿਲਮ 'ਛਪਾਕ' ਜੋ 10 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ, ਨਾਲ ਜੋੜ ਦਿੱਤਾ ਗਿਆ ਹੈ। ਇਸ ਤੋਂ ਬਾਅਦ ਬੀਜੇਪੀ ਨੇਤਾ ਤੇਜਿੰਦਰ ਸਿੰਘ ਬੱਗਾ ਨੇ ਟਵੀਟ ਕਰ ਦੀਪਿਕਾ ਦੀ ਫ਼ਿਲਮ 'ਛਪਾਕ' ਦਾ ਬਾਈਕਾਟ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਬੱਗਾ ਨੇ 'ਟੁਕੜੇ-ਟੁਕੜੇ ਗੈਂਗ ਤੇ ਅਫਜਲ ਗੈਂਗ ਦਾ ਸਮਰਥਨ ਕਰਨ 'ਤੇ ਦੀਪਿਕਾ ਦੀ ਫ਼ਿਲਮ ਦਾ ਬਾਈਕਾਟ ਕਰਨ ਵਾਲਿਆਂ ਨੂੰ ਟਵਿਟਰ ਪੋਸਟ ਨੂੰ ਰੀ-ਟਵੀਟ ਕਰਨ ਲਈ ਕਿਹਾ। ਇਸ ਤੋਂ ਬਾਅਦ ਟਵਿਟਰ 'ਤੇ #BoycottChhapaak ਟ੍ਰੈਂਡ ਕਰ ਰਿਹਾ ਹੈ।
ਉਧਰ 'ਛਪਾਕ' ਦੇ ਵਿਰੋਧ ਤੋਂ ਬਾਅਦ ਕਈ ਲੋਕਾਂ ਨੇ ਦੀਪਿਕਾ ਨੂੰ ਸਪੋਰਟ ਕੀਤਾ ਹੈ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਦੀਪਿਕਾ ਦੇ ਸਟੂਡੈਂਟਸ ਨੂੰ ਸਪੋਰਟ ਕਰਨ ਲਈ ਖੂਬ ਤਾਰੀਫ ਕੀਤੀ ਹੈ। ਸੋਸ਼ਲ ਮੀਡੀਆ 'ਤੇ #IStandwithDeepika ਟ੍ਰੈਂਡ ਕਰ ਰਿਹਾ ਹੈ ਤੇ ਦੀਪਿਕਾ ਨੂੰ ਸਪੋਰਟ ਕਰਨ ਵਾਲਿਆਂ ਨੇ ਫ਼ਿਲਮ 'ਛਪਾਕ' ਜ਼ਰੂਰ ਵੇਖਣ ਦੀ ਅਪੀਲ ਕੀਤੀ।
ਫ਼ਿਲਮ ਮੇਕਰ ਅਨੁਰਾਗ ਕਸ਼ਿਅਪ ਨੇ ਟਵੀਟ ਕਰ ਕਿਹਾ, "ਮਹਿਲਾਵਾਂ ਹਮੇਸ਼ਾ ਹੀ ਸਭ ਤੋਂ ਮਜ਼ਬੂਤ ਸੀ, ਹਨ ਤੇ ਰਹਿਣਗੀਆਂ। ਜੋ ਕੋਈ ਵੀ ਹਿੰਸਾ ਦੇ ਖਿਲਾਫ ਹੈ, ਉਹ ਬੁਕਮਾਈਸ਼ੋਅ ਐਪ 'ਤੇ ਜਾ ਕੇ 'ਛਪਾਕ' ਦਾ ਟਿਕਟ ਬੁੱਕ ਕਰੇ"।
ਜੇਐਨਯੂ 'ਚ ਦੀਪਿਕਾ ਪਾਦੁਕੋਣ ਨਾਲ ਜੇਐਨਯੂ ਦੇ ਸਾਬਕਾ ਵਿਦਿਆਰਥੀ ਸੰਘ ਪ੍ਰਧਾਨ ਕਨਹੀਆ ਕੁਮਾਰ ਵੀ ਸੀ। ਇਸ ਦੌਰਾਨ ਕਨਹੀਆ ਨੇ ਆਜ਼ਾਦੀ ਦੇ ਨਾਅਰੇ ਲਾਏ। ਇਸ ਤੋਂ ਕੁਝ ਦੇਰ ਬਾਅਦ ਦੀਪਿਕਾ ਵਿਦਿਆਰਥੀਆਂ ਨੂੰ ਕੁਝ ਕਹੇ ਬਗੈਰ ਹੀ ਉੱਥੋਂ ਚਲੇ ਗਈ।