ਨਵੀਂ ਦਿੱਲੀ: ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ 'ਤੇ ਜੋ ਰੁਝਾਨ ਸਾਹਮਣੇ ਆਇਆ ਹੈ, ਉਹ ਸਪੱਸ਼ਟ ਹੋ ਗਿਆ ਕਿ ਆਮ ਆਦਮੀ ਪਾਰਟੀ 50 ਤੋਂ ਵੱਧ ਸੀਟਾਂ ਜਿੱਤ ਕੇ ਸਰਕਾਰ ਬਣਾਉਣ ਜਾ ਰਹੀ ਹੈ। ਪਿਛਲੀਆਂ ਚੋਣਾਂ ਦੇ ਮੁਕਾਬਲੇ ਭਾਜਪਾ ਦੀ ਕਾਰਗੁਜ਼ਾਰੀ 'ਚ ਕੁਝ ਸੁਧਾਰ ਹੋਇਆ ਹੈ, ਪਰ ਅਜੇ ਵੀ 10 ਤੋਂ 15 ਸੀਟਾਂ ਮਿਲਣ ਦੀ ਉਮੀਦ ਹੈ। ਰੁਝਾਨਾਂ 'ਚ ਸਭ ਤੋਂ ਵੱਡਾ ਝਟਕਾ ਕਾਂਗਰਸ ਪਾਰਟੀ ਨੂੰ ਲੱਗਿਆ ਹੈ, ਕਿਉਂਕਿ ਪਿਛਲੀਆਂ ਚੋਣਾਂ ਦੀ ਤਰ੍ਹਾਂ ਇਸ ਵਾਰ ਵੀ ਦਿੱਲੀ 'ਚ ਪਾਰਟੀ ਦਾ ਖਾਤਾ ਖੁੱਲ੍ਹਣ ਵਾਲਾ ਨਹੀਂ। ਇੰਨਾ ਹੀ ਨਹੀਂ, 2020 ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ 6 ਪ੍ਰਤੀਸ਼ਤ ਵੋਟਾਂ ਵੀ ਨਹੀਂ ਮਿਲ ਰਹੀਆਂ।
ਦੁਪਹਿਰ 1 ਵਜੇ ਤੱਕ ਸਾਹਮਣੇ ਆਏ ਰੁਝਾਨਾਂ 'ਚ ਕਾਂਗਰਸ ਨੂੰ ਸਿਰਫ 4.5% ਵੋਟਾਂ ਮਿਲੀਆਂ। ਲੋਕ ਸਭਾ ਚੋਣਾਂ ਵਿੱਚ, ਕਾਂਗਰਸ ਨੂੰ ਦਿੱਲੀ ਵਿੱਚ 22% ਵੋਟਾਂ ਮਿਲੀਆਂ ਅਤੇ ਇਹ ਭਾਜਪਾ ਤੋਂ ਬਾਅਦ ਰਾਜ 'ਚ ਦੂਜੀ ਧਿਰ ਬਣ ਗਈ। ਪਰ ਦਿੱਲੀ ਵਿਚ 15 ਸਾਲਾ ਤੋਂ ਸੱਤਾ 'ਚ ਰਹੀ ਪਾਰਟੀ ਨੂੰ 2015 ਦੇ ਮੁਕਾਬਲੇ ਵਿਚ 5 ਪ੍ਰਤੀਸ਼ਤ ਘੱਟ ਵੋਟਾਂ ਮਿਲ ਰਹੀਆਂ ਹਨ। ਸਾਲ 2015 'ਚ ਕਾਂਗਰਸ ਨੂੰ 9.5% ਵੋਟਾਂ ਮਿਲੀਆਂ ਸੀ, ਜਦੋਂ ਕਿ 2013 ਵਿਚ ਕਾਂਗਰਸ ਲਗਭਗ 25% ਵੋਟਾਂ ਨਾਲ ਤੀਜੇ ਸਥਾਨ 'ਤੇ ਰਹੀ ਸੀ।
ਕਾਂਗਰਸ ਦੇ ਸਾਰੇ ਵੱਡੇ ਚਿਹਰੇ ਆਪਣੀ ਜ਼ਮਾਨਤ ਬਚਾਉਣ ਲਈ ਸੰਘਰਸ਼ ਕਰ ਰਹੇ ਹਨ। ਅਰਵਿੰਦਰ ਸਿੰਘ ਲਵਲੀ, ਆਰੋਨ ਯੂਸਫ, ਮਤਿਨ ਅਹਿਮਦ ਖਾਨ, ਅਲਕਾ ਲਾਂਬਾ, ਰਾਜੇਸ਼ ਲਿਲੋਥੀਆ, ਅਸ਼ੋਕ ਵਾਲੀਆ ਸਾਰੇ ਤੀਜੇ ਨੰਬਰ ਤੇ ਚੱਲ ਰਹੇ ਵੱਡੇ ਚਿਹਰੇ ਹਨ। ਸਿਰਫ ਬਡਾਲੀ ਸੀਟ ਹੀ ਹੈ ਜਿੱਥੇ ਕਾਂਗਰਸ ਦੇ ਉਮੀਦਵਾਰ ਦੇਵੇਂਦਰ ਯਾਦਵ ਦੂਜੇ ਨੰਬਰ 'ਤੇ ਹਨ। ਇਸ ਸੀਟ ਤੋਂ ਇਲਾਵਾ ਕਿਸੇ ਵੀ ਹੋਰ ਸੀਟ 'ਤੇ ਕਾਂਗਰਸ ਦੂਜੇ ਨੰਬਰ 'ਤੇ ਨਹੀਂ ਹੈ।
ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਸੁਭਾਸ਼ ਗੁਪਤਾ ਦੀ ਬੇਟੀ ਸ਼ਾਲਿਨੀ ਗੁਪਤਾ ਕਾਲਕਾਜੀ ਸੀਟ ਤੋਂ ਤੀਜੇ ਨੰਬਰ ‘ਤੇ ਚਲ ਰਹੀ ਹੈ। ਰੁਝਾਨਾਂ ਤੋਂ ਇਹ ਸਾਫ ਹੈ ਕਿ ਸ਼ਾਲਿਨੀ ਗੁਪਤਾ ਕਾਲਕਾਜੀ ਸੀਟ 'ਤੇ ਆਪਣੀ ਜ਼ਮਾਨਤ ਬਚਾ ਨਹੀਂ ਸਕੇਗੀ।