ਪਟਨਾ: ਕਾਂਗਰਸ ਨੇਤਾ ਰਾਕੇਸ਼ ਯਾਦਵ ਨੂੰ ਬਿਹਾਰ ਦੇ ਵੈਸ਼ਾਲੀ ਜ਼ਿਲੇ 'ਚ ਬਦਮਾਸ਼ਾਂ ਨੇ ਗੋਲੀ ਮਾਰ ਦਿੱਤੀ। ਬਾਈਕ 'ਤੇ ਸਵਾਰ ਬਦਮਾਸ਼ਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਗੋਲੀ ਲੱਗਣ ਕਰਕੇ ਰਾਕੇਸ਼ ਦੀ ਮੌਤ ਹੋ ਗਈ। ਇਸ ਤੋਂ ਬਾਅਦ ਜਿਵੇਂ ਹੀ ਐਸਪੀ ਦੀ ਕਾਰ ਹਸਪਤਾਲ ਪਹੁੰਚੀ ਤਾਂ ਉਨ੍ਹਾਂ ਦੀ ਗੱਡੀ 'ਤੇ ਪੱਥਰਬਾਜ਼ੀ ਕੀਤੀ ਗਈ।

ਕਾਂਗਰਸੀ ਆਗੂ ਦੀ ਮੌਤ ਤੋਂ ਬਾਅਦ ਸ਼ਹਿਰ 'ਚ ਕਈ ਥਾਂਵਾਂ 'ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਘਟਨਾ ਤੋਂ ਦੁਖੀ ਲੋਕਾਂ ਨੇ ਕਈ ਥਾਂਵਾਂ 'ਤੇ ਅਗਜਨੀ ਵੀ ਕੀਤੀ ਅਤੇ ਸੜਕ ਜਾਮ ਕਰ ਦਿੱਤੀ। ਬਾਅਦ 'ਚ ਕੁਝ ਲੋਕ ਰਾਕੇਸ਼ ਯਾਦਵ ਦੀ ਲਾਸ਼ ਨੂੰ ਲੈ ਕੇ ਐਸਪੀ ਦੇ ਘਰ ਪਹੁੰਚੇ ਅਤੇ ਜਲਦ ਤੋਂ ਜਲਦ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਲਈ ਪ੍ਰਦਰਸ਼ਨ ਕਰਨ ਲੱਗੇ।



ਦੱਸਿਆ ਜਾ ਰਿਹਾ ਹੈ ਕਿ ਰਾਕੇਸ਼ ਯਾਦਵ ਸੋਸ਼ਲ ਮੀਡੀਆ 'ਤੇ ਐਕਟਿਵ ਸੀ ਅਤੇ ਹਮੇਸ਼ਾਂ ਵੱਧ ਰਹੇ ਅਪਰਾਧਾਂ ਖਿਲਾਫ ਆਵਾਜ਼ ਉਠਾਉਂਦਾ ਸੀ। ਪੁਲਿਸ ਨੇ ਇਸ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜਨ ਦਾ ਭਰੋਸਾ ਦਿੱਤਾ ਹੈ।