ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਕਾਂਗਰਸ ਵੱਲੋਂ 14 ਦਸੰਬਰ ਨੂੰ ਸ਼ੰਭੂ ਬਾਰਡਰ 'ਤੇ ਦਿੱਤੇ ਜਾ ਰਹੇ ਧਰਨੇ ਨੂੰ ਅਸਲ 'ਚ ਕਿਸਾਨ ਅੰਦੋਲਨ ਨੂੰ ਤਾਰੋਪੀਡ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ। ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅਸਲ 'ਚ ਕਾਂਗਰਸ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਭਾਜਪਾ ਦੀ 'ਬੀ' ਟੀਮ ਬਣਕੇ ਹੀ ਕੰਮ ਕਰ ਰਹੀ ਹੈ ਅਤੇ ਕਿਸਾਨ ਅੰਦੋਲਨ ਨੂੰ ਬਿਨਾਂ ਕਿਸੇ ਨਤੀਜੇ ਪਹੁੰਚੇ ਖਤਮ ਕਰਵਾਉਣਾ ਚਾਹੁੰਦੀ ਹੈ। ਪਿਛਲੇ ਤਿੰਨ ਮਹੀਨਿਆ ਤੋਂ ਪੰਜਾਬ ਦੇ ਕਿਸਾਨ ਪੰਜਾਬ ਦੀਆਂ ਸੜਕਾਂ 'ਤੇ ਦਿਨ-ਰਾਤ ਬੈਠੇ ਰਹੇ, ਪਰ ਉਦੋਂ ਸੱਤਾ ਦੇ ਨਸ਼ੇ 'ਚ ਇਸ ਕਾਂਗਰਸ ਪਾਰਟੀ ਨੂੰ ਕਿਸਾਨਾਂ ਦੀ ਯਾਦ ਨਹੀਂ ਆਈ, ਚਾਹੀਦਾ ਤਾਂ ਇਹ ਸੀ ਕਿ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਕਿਸਾਨਾਂ ਦੇ ਦਿੱਲੀ ਜਾਣ ਸਮੇਂ ਮੂਹਰੇ ਲੱਗਦੇ।

ਕਿਸਾਨੀ ਅੰਦੋਲਨ ਹੋਰ ਤੇਜ਼ ਕਰਨ ਦਾ ਐਲਾਨ, ਕਿਸਾਨਾਂ ਨੇ ਕੀਤਾ ਵੱਡਾ ਬਦਲਾਅ

ਮਾਨ ਨੇ ਕਿਹਾ ਹੁਣ ਜਦੋਂ ਕਿਸਾਨ ਦਿੱਲੀ-ਹਰਿਆਣਾ ਦੀ ਸਰਹੱਦ 'ਤੇ ਬੈਠੇ ਕੇਂਦਰ ਸਰਕਾਰ ਨਾਲ ਸਿੱਧੀ ਆਰ-ਪਾਰ ਦੀ ਲੜਾਈ ਲੜ ਰਹੇ ਹਨ ਤਾਂ ਸ਼ੰਭੂ ਬਾਰਡਰ 'ਤੇ ਧਰਨਾ ਦੇਣ ਦਾ ਮਤਲਬ ਸਿਰਫ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨਾ ਹੈ। ਕਿਸਾਨਾਂ ਨੂੰ ਕਾਲੇ ਕਾਨੂੰਨਾਂ ਕਰਕੇ ਇਹ ਦਿਨ ਦੇਖਣੇ ਪੈ ਰਹੇ ਹਨ। ਉਨ੍ਹਾਂ ਲਈ ਕਾਂਗਰਸ ਵੀ ਓਨੀ ਹੀ ਜ਼ਿੰਮੇਵਾਰ ਹੈ ਜਿੰਨੇ ਭਾਜਪਾ ਤੇ ਅਕਾਲੀ। ਕਾਂਗਰਸੀ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਵੱਲੋਂ ਕਿਸਾਨ ਆਗੂਆਂ ਸਬੰਧੀ ਕੀਤੀ ਗਈ ਟਿੱਪਣੀ 'ਤੇ ਆਪ ਆਗੂ ਨੇ ਕਿਹਾ ਕਿ ਕਾਂਗਰਸੀ ਐਮਪੀ ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕੇ ਹਨ ਇਸ ਲਈ ਲੋਕਾਂ ਦੇ ਆਗੂਆਂ ਪ੍ਰਤੀ ਅਜਿਹੀਆਂ ਟਿੱਪਣੀਆਂ ਕਰ ਰਹੇ ਹਨ।

ਅਮਰਿੰਦਰ ਗਿੱਲ ਦੀ ਕੰਪਨੀ ਨੇ ਲਿਆ ਵੱਡਾ ਫੈਸਲਾ, ਕਿਸਾਨਾਂ ਲਈ ਅੰਬਾਨੀ ਦੀ ਕੰਪਨੀ ਦਾ ਬਾਈਕਾਟ

ਉਨ੍ਹਾਂ ਕਿਹਾ ਕਿ ਪੂਰੇ ਵਿਸ਼ਵ 'ਚ ਕਿਸਾਨ ਆਗੂਆਂ ਵੱਲੋਂ ਚਲਾਏ ਜਾ ਰਹੇ ਸ਼ਾਂਤੀਪੂਰਣ ਕਿਸਾਨ ਅੰਦੋਲਨ ਦੀਆਂ ਤਾਰੀਫਾਂ ਹੋ ਰਹੀਆਂ ਹਨ, ਦੂਜੇ ਪਾਸੇ ਕਾਂਗਰਸੀ ਆਗੂ ਇਸ ਅੰਦੋਲਨ ਨੂੰ ਭਾਜਪਾਈਆਂ ਵਾਂਗ ਹੀ ਬਦਨਾਮ ਕਰ ਰਹੇ ਹਨ। ਅਸਲ 'ਚ ਕਿਸਾਨਾਂ ਵੱਲੋਂ ਧਰਨਾ ਸਥਾਨ 'ਤੇ ਬਿੱਟੂ ਨੂੰ ਵੜਨ ਦੀ ਆਗਿਆ ਨਾ ਦੇਣ ਕਰਕੇ ਹੀ ਅਜਿਹੀ ਹੋਛੀ ਬਿਆਨਬਾਜ਼ੀ ਕਰ ਰਹੇ ਹਨ। ਆਗੂ ਨੇ ਕਿਹਾ ਕਿ ਕਾਂਗਰਸੀ ਲੋਕ ਸਭਾ ਮੈਂਬਰਾਂ ਨੂੰ ਜੰਤਰ ਮੰਤਰ 'ਚ ਧਰਨਾ ਦੇਣ ਦੀ ਬਜਾਏ ਆਪਣੇ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਅੱਗੇ ਧਰਨਾ ਦੇਣਾ ਚਾਹੀਦਾ ਜਿਸਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਈਡੀ ਤੋਂ ਬਚਾਉਣ ਲਈ ਮੋਦੀ ਨਾਲ ਸਮਝੌਤਾ ਕਰਕੇ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਿਆ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ