ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾਵਾਇਰਸ ਦਾ ਵੱਡਾ ਵਿਸਫੋਟ ਹੋਇਆ ਹੈ। ਸੂਬੇ ਵਿੱਚ ਪਹਿਲੀ ਵਾਰ ਨਵੇਂ ਕੇਸਾਂ ਦਾ ਅੰਕੜਾ ਨੌਂ ਹਜ਼ਾਰ ਨੂੰ ਟੱਪਿਆ ਹੈ। ਸ਼ਨੀਵਾਰ ਨੂੰ 9100 ਨਵੇਂ ਪੌਜ਼ੇਟਿਵ ਕੇਸ ਆਏ ਤੇ 171 ਲੋਕਾਂ ਦੀ ਮੌਤ ਹੋਈ ਹੈ। ਕਰੋਨਾ ਕਾਰਨ ਹੁਣ ਤੱਕ ਸੂਬੇ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 10315 ਹੋ ਗਈ ਹੈ।
ਸਿਹਤ ਵਿਭਾਗ ਅਨੁਸਾਰ ਸੂਬੇ ਵਿੱਚ ਸ਼ਨੀਵਾਰ ਨੂੰ 9100 ਨਵੇਂ ਪਾਜ਼ੇਟਿਵ ਕੇਸ ਆਏ ਹਨ ਜਦਕਿ 6647 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਹੁਣ ਰਾਜ ਵਿੱਚ 71,948 ਐਕਟਿਵ ਕੇਸ ਹਨ। 9086 ਮਰੀਜ਼ਾਂ ਦਾ ਆਕਸੀਜਨ ਰਾਹੀਂ ਤੇ 288 ਦਾ ਵੈਂਟੀਲੇਟਰ ਰਾਹੀਂ ਇਲਾਜ ਹੋ ਰਿਹਾ ਹੈ।
ਸਿਹਤ ਵਿਭਾਗ ਅਨੁਸਾਰ ਸ਼ਨੀਵਾਰ ਲੁਧਿਆਣਾ ’ਚ 19, ਬਠਿੰਡਾ ਤੇ ਮੁਕਤਸਰ ’ਚ 17-17, ਅੰਮ੍ਰਿਤਸਰ ਤੇ ਪਟਿਆਲਾ ’ਚ 13-13, ਜਲੰਧਰ ਤੇ ਸੰਗਰੂਰ ’ਚ 11-11, ਮੁਹਾਲੀ ਤੇ ਪਠਾਨਕੋਟ ’ਚ 10-10, ਫਾਜ਼ਿਲਕਾ ’ਚ 9, ਹੁਸ਼ਿਆਰਪੁਰ ਤੇ ਤਰਨ ਤਾਰਨ ’ਚ 7-7, ਗੁਰਦਾਸਪੁਰ ’ਚ 5, ਕਪੂਰਥਲਾ ਤੇ ਰੂਪਨਗਰ ’ਚ 4-4, ਫ਼ਿਰੋਜ਼ਪੁਰ, ਨਵਾਂ ਸ਼ਹਿਰ, ਫ਼ਤਹਿਗੜ੍ਹ ਸਾਹਿਬ ਤੇ ਮਾਨਸਾ ’ਚ 3-3 ਤੇ ਬਰਨਾਲਾ ਤੇ ਫ਼ਰੀਦਕੋਟ ’ਚ 1-1 ਮਰੀਜ਼ ਦੀ ਮੌਤ ਹੋਈ ਹੈ।