ਮੁਹਾਲੀ: ਇੱਕ ਪਾਸੇ ਪੰਜਾਬ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਦਰਮਿਆਨ ਹੁਣ ਗੁਰਦੁਆਰਾ ਸ੍ਰੀ ਨਾਂਦੇੜ ਸਾਹਿਬ ਤੋਂ ਪਰਤ ਰਹੀ ਸੰਗਤ ਪੰਜਾਬ ‘ਚ ਵੱਡਾ ਕੋਰੋਨਾ ਕੈਰੀਅਰ ਸਾਬਿਤ ਹੋ ਸਕਦੀ ਹੈ। ਕਰੀਬ 35 ਸ਼ਰਧਾਲੂ ਗੁਰਦੁਆਰਾ ਸਾਹਿਬ ਤੋਂ ਮੁਹਾਲੀ ਪਹੁੰਚ ਚੁੱਕੇ ਹਨ।




ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਕੇਸਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਨ੍ਹਾਂ ਸਾਰਿਆਂ ਦੇ ਕੋਰੋਨਾ ਸੈਂਪਲ ਲਏ ਗਏ, ਜਿਨ੍ਹਾਂ ‘ਚੋਂ 11 ਲੋਕ ਪੌਜ਼ੇਟਿਵ ਪਾਏ ਗਏ ਹਨ। 2 ਹੋਰ ਸ਼ਰਧਾਲੂਆਂ ਨਾਲ ਤਰਨਤਾਰਨ ਜ਼ਿਲ੍ਹੇ ਦੇ 8 ਪੌਜ਼ੇਟਿਵ ਹਨ ਤੇ 3 ਕਪੂਰਥਲਾ ਦੇ ਸ਼ਾਮਿਲ ਹਨ। ਤਕਰੀਬਨ 3500 ਤੋਂ ਜ਼ਿਆਦਾ ਸਿੱਖ ਸ਼ਰਧਾਲੂ ਕੋਰੋਨਾਵਾਇਰਸ ਲੌਕਡਾਊਨ ਕਾਰਨ ਮਹਾਰਾਸ਼ਟਰ ਵਿਖੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਫੱਸ ਗਏ ਸੀ। ਕੜੀ ਮੁਸ਼ੱਕਤ ਤੋਂ ਬਾਅਦ ਪੰਜਾਬ ਸਰਕਾਰ ਨੂੰ ਇੱਕ ਮਹੀਨਾ ਇਨ੍ਹਾਂ ਸ਼ਰਧਾਲੂਆਂ ਨੂੰ ਵਾਪਿਸ ਪੰਜਾਬ ਲਿਆਉਣ ‘ਚ ਲੱਗਿਆ।



ਪੰਜਾਬ ਤੋਂ 90 ਬੱਸਾਂ ਸ਼ਰਧਾਲੂਆਂ ਨੂੰ ਲਿਆਉਣ ਲਈ ਭੇਜੀਆਂ ਗਈਆਂ ਸੀ। ਵਾਪਿਸ ਪਹੁੰਚ ਰਹੇ ਸਾਰੇ ਸ਼ਰਧਾਲੂਆਂ ਨੂੰ ਕੁਆਰੰਟੀਨ ਕਰ ਕੇ ਕੋਰੋਨਾ ਸੈਂਪਲੰਿਗ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ, ਪਰ ਇਨ੍ਹਾਂ ਸ਼ੁਰੂਆਤੀ ਮਾਮਲਿਆਂ ਨੇ ਸਰਕਾਰ ਦੇ ਹੋਸ਼ ਉੜਾ ਕੇ ਰੱਖ ਦਿੱਤੇ ਹਨ। ਇਨ੍ਹਾਂ ਮਾਮਲਿਆਂ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਪੰਜਾਬ ਪਰਤ ਰਹੇ ਸ਼ਰਧਾਲੂਆਂ ‘ਚ ਕਾਫੀ ਕੋਰੋਨਾ ਸੰਕਰਮਿਤ ਹੋ ਸਕਦੇ ਹਨ।