ਅੰਮ੍ਰਿਤਸਰ: ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੀ ਆਈਸੋਲੇਸ਼ਨ ਵਾਰਡ 'ਚੋਂ ਇੱਕ ਕੋਰੋਨਾ ਪੌਜ਼ੇਟਿਵ ਮੁਲਜ਼ਮ ਫਰਾਰ ਹੋ ਗਿਆ ਹੈ।  ਜੇਰੇ ਇਲਾਜ ਪ੍ਰਤਾਪ ਸਿੰਘ ਨਾਮ ਦੇ ਮੁਲਜ਼ਮ ਦੀ ਰਿਪੋਰਟ 'ਚ ਕੋਰੋਨਾਵਾਇਰਸ ਪੌਜ਼ੇਟਿਵ ਪਾਇਆ ਗਿਆ ਸੀ, ਜਿਸ ਤੋਂ ਬਾਅਦ ਬੀਤੇ ਕੱਲ੍ਹ ਉਸ ਨੂੰ ਜੇਲ 'ਚੋਂ ਲਿਆ ਕੇ ਗੁਰੂ ਨਾਨਕ ਹਸਪਤਾਲ ਭਰਤੀ ਕਰਵਾਇਆ ਸੀ।

ਦੇਰ ਰਾਤ ਕਰੀਬ 10.30 ਵਜੇ ਉਹ ਹਸਪਤਾਲ 'ਚੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਹਸਪਤਾਲ ਸਟਾਫ ਤੇ ਸਥਾਨਕ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਹੁਣ ਪੁਲਿਸ ਦੀਆਂ ਟੀਮਾਂ ਉਸ ਦੀ ਭਾਲ 'ਚ ਲੱਗੀਆਂ ਹੋਈਆਂ ਹਨ। ਥਾਣਾ ਮਜੀਠਾ ਦੇ ਐਸਐਚਓ ਨੇ ਉਸ ਦੇ ਫਰਾਰ ਹੋਣ ਦੀ ਪੁਸ਼ਟੀ ਕੀਤੀ ਹੈ। ਪ੍ਰਤਾਪ ਸਿੰਘ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ  ਨੇ 6 ਮਈ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਸੀ।


ਇਸ ਦੇ ਸੰਪਰਕ 'ਚ ਆਏ ਦੋ ਜੱਜਾਂ, ਪੁਲਸ ਕਰਮੀਆਂ, ਵਕੀਲਾਂ ਤੇ ਅਦਾਲਤੀ ਸਟਾਫ ਨੂੰ ਕੁਵਾਰੰਟੀਨ ਕਰਕੇ ਉਨ੍ਹਾਂ ਦੇ ਵੀ ਟੈਸਟ ਕੀਤੇ ਗਏ। ਜਾਣਕਾਰੀ ਮੁਤਾਬਕ 10.30 ਵਜੇ ਦੇ ਕਰੀਬ ਮੁਲਜ਼ਮ ਪ੍ਰਤਾਪ ਸਿੰਘ ਬਾਥਰੂਮ ਜਾਣ ਦਾ ਬਹਾਨਾ ਲਗਾ ਕੇ ਆਈਸੋਲੇਸ਼ਨ ਵਾਰਡ ਦੀ ਛੱਤ ਤੋਂ ਹੇਠਾਂ ਛਾਲ ਮਾਰ ਕੇ ਫਰਾਰ ਹੋ ਗਿਆ। ਹਾਲਾਂਕਿ ਪ੍ਰਤਾਪ ਦੀ ਦੂਸਰੀ ਰਿਪੋਰਟ ਨੈਗੇਟਿਵ ਆਈ ਹੈ।