ਨਵੀਂ ਦਿੱਲੀ: ਪਿੱਛਲੇ ਮਹੀਨੇ ਕੁੰਭ ਦਾ ਮੇਲਾ ਤੇ ਪੰਜ ਰਾਜਾਂ ਦੀਆਂ ਚੋਣਾਂ ਕਰਕੇ ਦੇਸ਼ ’ਚ ਕੋਰੋਨਾਵਾਇਰਸ ਦੀ ਲਾਗ ਦੇ ਫੈਲਣ ਦੇ ਮਾਮਲਿਆਂ ਦੀ ਰਫ਼ਤਾਰ ਵਿੱਚ ਤੇਜ਼ੀ ਆਈ ਹੈ। ਇਹ ਗੱਲ ‘ਵਿਸ਼ਵ ਸਿਹਤ ਸੰਗਠਨ’ (WHO) ਦੀ ਰਿਪੋਰਟ ਤੋਂ ਵੀ ਸਿੱਧ ਹੋ ਗਈ ਹੈ। ਕੋਰੋਨਾ ਨੂੰ ਲੈ ਕੇ WHO ਵੱਲੋਂ ਬੁੱਧਵਾਰ ਨੂੰ ਜਾਰੀ ਅਪਡੇਟ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਪਿੱਛੇ ਕਈ ਸੰਭਾਵੀ ਕਾਰਨ ਹਨ।


 


ਭਾਵੇਂ WHO ਨੇ ਕਿਸੇ ਇਵੈਂਟ ਦਾ ਨਾਂ ਤਾਂ ਨਹੀਂ ਲਿਆ ਪਰ ਕਿਹਾ ਕਿ ਕਈ ਧਾਰਮਿਕ ਤੇ ਸਿਆਸੀ ਇਵੈਂਟਸ ’ਚ ਭਾਰੀ ਭੀੜਾਂ ਦਾ ਇਕੱਠੇ ਹੋਣਾ ਮੁੱਖ ਕਾਰਨਾਂ ਵਿੱਚ ਸ਼ਾਮਲ ਹਨ। ਇਨ੍ਹਾਂ ਇਵੈਂਟਸ ’ਚ ਕੁਤਾਹੀ ਵਰਤੀ ਗਈ। ਦਰਅਸਲ ਭਾਰਤ ਵਿੱਚ ਪੰਜ ਰਾਜਾਂ ਦੀਆਂ ਵਿਧਾਨ ਸਭ ਚੋਣਾਂ ਤੇ ਕੁੰਭ ਮੇਲੇ ਤੋਂ ਬਾਅਦ ਹੀ ਹਾਲਾਤ ਵਿਗੜੇ ਹਨ। ਇਸ ਲਈ ਭਾਰਤ ਅੰਦਰ ਵੀ ਇਹ ਸਵਾਲ ਖੜ੍ਹੇ ਹੋਏ ਸੀ ਜਿਨ੍ਹਾਂ ਦੀ ਪੁਸ਼ਟੀ WHO ਦੀ ਰਿਪੋਰਟ ਕਰਦੀ ਹੈ। ਉਂਝ WHO ਨੇ ਇਹ ਵੀ ਕਿਹਾ ਹੈ ਕਿ ਲਾਗ ਵਧਣ ’ਚ ਇਨ੍ਹਾਂ ਕਾਰਕਾਂ ਦੀ ਕਿੰਨੀ ਭੂਮਿਕਾ ਰਹੀ, ਇਸ ਬਾਰੇ ਸਥਿਤੀ ਸਪੱਸ਼ਟ ਨਹੀਂ।


 


WHO ਦਾ ਕਹਿਣਾ ਹੈ ਕਿ ਭਾਰਤ ’ਚ ਕੋਰੋਨਾ ਦਾ B.1.617 ਵੇਰੀਐਂਟ ਪਹਿਲੀ ਵਾਰ ਅਕਤੂਬਰ 2020 ’ਚ ਸਾਹਮਣੇ ਆਇਆ ਸੀ। ਇੱਥੇ ਕੋਰੋਨਾ ਦੇ ਮਾਮਲਿਆਂ ਤੇ ਮੌਤਾਂ ’ਚ ਦੁਬਾਰੇ ਵਾਧੇ ਨਾਲ B.1.617 ਅਤੇ B.1.1.7 ਜਿਹੇ ਕੁਝ ਹੋਰ ਵੇਰੀਐਂਟਸ ਨੂੰ ਲੈ ਕੇ ਕਈ ਸੁਆਲ ਖੜ੍ਹੇ ਹੋ ਗਏ ਹਨ।


 


ਵਿਸ਼ਵ ਸਿਹਤ ਸੰਗਠਨ ਦੇ ਹਫ਼ਤਾਵਾਰੀ ਅਪਡੇਟ ’ਚ ਕਿਹਾ ਗਿਆ ਹੈ ਕਿ ਭਾਰਤ ਦੇ ਕੋਰੋਨਾ ਪੌਜ਼ੇਟਿਵ ਸੈਂਲਜ਼ ਵਿੱਚੋਂ 0.1% ਨੂੰ ਗਲੋਬਲ ਇਨੀਸ਼ੀਏਟਿਵ ਆਨ ਸ਼ੇਅਰਿੰਗ ਆੱਲ ਇਨਫ਼ਲੂਐਂਜ਼ਾ ਡਾਟਾ (GISAID) ੳਤੇ ਸੀਕੁਐਂਸ ਕੀਤਾ ਗਿਆ ਸੀ; ਤਾਂ ਜੋ ਕੋਰੋਨਾ ਵੇਰੀਐਂਟਸ ਦਾ ਪਤਾ ਲਾਇਆ ਜਾ ਸਕੇ। ਇਸ ’ਚ ਸਾਹਮਣੇ ਆਇਆ ਕਿ B.1..1.7 ਤੇ B.1.612 ਜਿਹੇ ਕਈ ਵੇਰੀਐਂਟਸ ਕਾਰਣ ਭਾਰਤ ’ਚ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋਇਆ।


 


WHO ਅਨੁਸਾਰ ਅਪ੍ਰੈਲ ਦੇ ਆਖ਼ਰ ਤੱਕ ਭਾਰਤ ’ਚ ਕੋਰੋਨਾ ਦੇ 21% ਮਾਮਲਿਆਂ ’ਚ B.1.617 ਵੇਰੀਐਂਟ ਅਤੇ 7% ’ਚ B.1.617.2 ਪਾਇਆ ਗਿਆ। ਇਹ ਗੱਲ ਵੀ ਸਾਹਮਣੇ ਆਈ ਕਿ ਦੂਜੇ ਵੇਰੀਐਂਟਸ ਦੇ ਮੁਕਾਬਲੇ ਇਨ੍ਹਾਂ ਦੋਵੇਂ ਵੇਰੀਐਂਟਸ ਦੀ ਵਾਧਾ ਦਰ ਕਾਫ਼ੀ ਜ਼ਿਆਦਾ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਭਾਰਤ ਤੋਂ ਬਾਅਦ B.617 ਦੇ ਸਭ ਤੋਂ ਵੱਧ ਮਾਮਲੇ ਇੰਗਲੈਂਡ ’ਚਚ ਸਾਹਮਣੇ ਆਏ ਹਨ।